ਇਮਰਾਨ ਦੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ, ਤਾਲਿਬਾਨ ਨੂੰ ਔਰਤਾਂ ਦੇ ਅਧਿਕਾਰਾਂ ਲਈ ਕਰੇ ਉਤਸ਼ਾਹਿਤ

09/16/2021 4:37:36 PM

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਸਰਕਾਰ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਤਾਲਿਬਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਅਫ਼ਗਾਨਿਸਤਾਨ ’ਚ ਔਰਤਾਂ ਦੇ ਅਧਿਕਾਰਾਂ ਤੇ ਇਕ ਸਮਾਵੇਸ਼ੀ ਸਰਕਾਰ ਲਈ ਉਨ੍ਹਾਂ ਨੂੰ ‘ਉਤਸ਼ਾਹਿਤ’ ਕਰਨਾ ਚਾਹੀਦਾ ਹੈ, ਤਾਂ ਕਿ ਯੁੱਧ ਪੀੜਤ ਦੇਸ਼ ਨੂੰ ਅਜਾਰਕਤਾ ਤੋਂ ਬਚਾਇਆ ਜਾ ਸਕੇ। ਖਾਨ ਨੇ ਇਸਲਾਮਾਬਾਦ ’ਚ ਆਪਣੇ ਨਿੱਜੀ ਬਾਨੀ ਗਾਲਾ ਨਿਵਾਸ ਤੋਂ ਸੀ. ਐੱਨ. ਐੱਨ. ਨੂੰ ਦੱਸਿਆ ਕਿ ਅਫ਼ਗਾਨਿਸਤਾਨ ਇੱਕ ਇਤਿਹਾਸਕ ਮੋੜ ’ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੰਗ ਪ੍ਰਭਾਵਿਤ ਦੇਸ਼ ’ਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਤਾਲਿਬਾਨ ਨਾਲ ਸੰਪਰਕ ਬਣਾਈ ਰੱਖਣਾ ਹੈ, ਜਿਸ ਨੇ ਪਿਛਲੇ ਮਹੀਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ, ‘‘ਤਾਲਿਬਾਨ ਦਾ ਪੂਰੇ ਅਫ਼ਗਾਨਿਸਤਾਨ ’ਤੇ ਕੰਟਰੋਲ ਹੈ ਅਤੇ ਜੇਕਰ ਉਹ ਹੁਣ ਇੱਕ ਸਮੁੱਚੀ ਸਰਕਾਰ ਵੱਲ ਕੰਮ ਕਰ ਸਕਦੇ ਹਨ, ਸਾਰੇ ਧੜਿਆਂ ਨੂੰ ਇਕੱਠੇ ਕਰ ਸਕਦੇ ਹਨ, ਤਾਂ ਅਫ਼ਗਾਨਿਸਤਾਨ ’ਚ 40 ਸਾਲਾਂ ਬਾਅਦ ਸ਼ਾਂਤੀ ਸਥਾਪਿਤ ਹੋ ਸਕਦੀ ਹੈ।

ਖਾਨ ਨੇ ਕਿਹਾ ਕਿ ਜੇ (ਅਫ਼ਗਾਨਿਸਤਾਨ ’ਚ) ਚੀਜ਼ਾਂ ਗ਼ਲਤ ਹੁੰਦੀਆਂ ਹਨ, ਜਿਸ ਨੂੰ ਲੈ ਕੇ ਅਸਲ ’ਚ ਅਸੀਂ ਚਿੰਤਤ ਹਾਂ, ਫਿਰ ਅਰਾਜਕਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਨਾਲ ਸਭ ਤੋਂ ਵੱਡਾ ਮਨੁੱਖਤਾਵਾਦੀ ਸੰਕਟ, ਸ਼ਰਨਾਰਥੀਆਂ ਅਤੇ ਅਸਥਿਰ ਅਫ਼ਗਾਨਿਸਤਾਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਇਸ ਨਾਲ ਅਫ਼ਗਾਨਿਸਤਾਨ ਦੀ ਧਰਤੀ ’ਤੇ ਅੱਤਵਾਦ ਦੇ ਮੁੜ ਉੱਭਰਨ ਦੀ ਸੰਭਾਵਨਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਤਾਲਿਬਾਨ ਨੂੰ ਕੁਝ ਕਰਨ ਲਈ ਮਜਬੂਰ ਕੀਤੇ ਜਾਣ ਦੀ ਬਜਾਏ ਮੌਜੂਦਾ ਸਥਿਤੀ ਨੂੰ ਸੰਭਾਲਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ “ਭਰਮ” ਹੈ ਕਿ ਅਫ਼ਗਾਨਿਸਤਾਨ ਨੂੰ ਬਾਹਰੋਂ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, “ਇਸ ਲਈ ਇੱਥੇ ਬੈਠਣ ਦੀ ਬਜਾਏ ਇਹ ਸੋਚ ਕੇ ਕਿ ਅਸੀਂ ਉਨ੍ਹਾਂ ਨੂੰ ਕਾਬੂ ਕਰ ਸਕਦੇ ਹਾਂ, ਸਾਨੂੰ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਅਫ਼ਗਾਨਿਸਤਾਨ ਦੀ ਮੌਜੂਦਾ ਸਰਕਾਰ ਸਪੱਸ਼ਟ ਤੌਰ ’ਤੇ ਮਹਿਸੂਸ ਕਰਦੀ ਹੈ ਕਿ ਅੰਤਰਰਾਸ਼ਟਰੀ ਸਹਾਇਤਾ ਤੋਂ ਬਿਨਾਂ ਉਹ ਇਸ ਸੰਕਟ ਨੂੰ ਰੋਕ ਨਹੀਂ ਸਕਣਗੇ।

ਸਾਨੂੰ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।’’ ਖਾਨ ਨੇ ਕਿਹਾ ਕਿ ਦੁਨੀਆ ਨੂੰ ਉਨ੍ਹਾਂ (ਤਾਲਿਬਾਨ) ਨੂੰ ਇੱਕ ਜਾਇਜ਼ ਸਰਕਾਰ ਬਣਾਉਣ ਅਤੇ ਆਪਣੇ ਵਾਅਦੇ ਪੂਰੇ ਕਰਨ ਲਈ ‘ਸਮਾਂ’ ਦੇਣਾ ਚਾਹੀਦਾ ਹੈ। ਖਾਨ ਨੇ ਕਿਹਾ, ‘‘ਸਾਡੀਆਂ ਖੁਫੀਆ ਏਜੰਸੀਆਂ ਨੇ ਸਾਨੂੰ ਦੱਸਿਆ ਹੈ ਕਿ ਤਾਲਿਬਾਨ ਪੂਰੇ ਅਫ਼ਗਾਨਿਸਤਾਨ ਨੂੰ ਕੰਟਰੋਲ ਨਹੀਂ ਕਰ ਸਕੇਗਾ ਅਤੇ ਜੇਕਰ ਇਹ ਫੌਜੀ ਤੌਰ ’ਤੇ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਲੰਮੀ ਘਰੇਲੂ ਜੰਗ ਸ਼ੁਰੂ ਹੋ ਜਾਵੇਗੀ, ਜਿਸ ਨਾਲ ਅਸੀਂ ਸਭ ਤੋਂ ਵੱਧ ਪ੍ਰਭਾਵਿਤ ਹੋਵਾਂਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਲਿਬਾਨ ਨੇ ਕਿਹਾ ਹੈ ਕਿ ਉਹ ਇੱਕ ਸਮਾਵੇਸ਼ੀ ਸਰਕਾਰ ਚਾਹੁੰਦੇ ਹਨ, ਉਨ੍ਹਾਂ ਨੇ ਆਪਣੇ ਦੇਸ਼ ਦੀਆਂ ਔਰਤਾਂ ਨੂੰ ਅਧਿਕਾਰ ਦੇਣ ਦਾ ਵਾਅਦਾ ਕੀਤਾ ਹੈ ਅਤੇ ਅੰਤਰਰਾਸ਼ਟਰੀ ਪ੍ਰਵਾਨਗੀ ਹਾਸਲ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਮੁਆਫੀ ਦਾ ਐਲਾਨ ਵੀ ਕੀਤਾ ਹੈ।


Manoj

Content Editor

Related News