ਇਮਰਾਨ ਖਾਨ ਸਾਊਦੀ ਅਰਬ ਰਵਾਨਾ, ਕਸ਼ਮੀਰ ਸਣੇ ਦੋ ਪੱਖੀ ਮੁੱਦਿਆਂ ''ਤੇ ਕਰਨਗੇ ਚਰਚਾ

09/19/2019 5:16:40 PM

ਇਸਲਾਮਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਦੋ ਦਿਨਾਂ ਦੀ ਸਾਊਦੀ ਅਰਬ ਦੀ ਯਾਤਰਾ 'ਤੇ ਰਵਾਨਾ ਹੋ ਗਏ ਹਨ, ਜਿਥੇ ਉਹ ਸਾਊਦੀ ਦੇ ਨੇਤਾਵਾਂ ਨਾਲ ਕਸ਼ਮੀਰ ਮੁੱਦੇ ਸਣੇ ਦੋ ਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਖਾਨ ਸਾਊਦੀ ਅਰਬ ਦੇ ਨੇਤਾਵਾਂ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਦੇ ਵੱਖ-ਵੱਖ ਆਯਾਮ 'ਤੇ ਚਰਚਾ ਕਰਨਗੇ। ਸਾਊਦੀ ਅਰਬ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਹੈ ਅਤੇ ਆਰਥਿਕ ਸੰਕਟ ਵਿਚ ਉਸ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਭਾਰਤ ਨੇ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ।

ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਧਾਰਾ 370 ਨੂੰ ਖਤਮ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ। ਨਵੀਂ ਦਿੱਲੀ ਨੇ ਇਸਲਾਮਾਬਾਦ ਤੋਂ ਭਾਰਤ ਵਿਰੋਧੀ ਬਿਆਨ ਦੇਣਾ ਵੀ ਬੰਦ ਕਰਨ ਨੂੰ ਕਿਹਾ ਹੈ। ਵਿਦੇਸ਼ ਦਫਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਕਸ਼ਮੀਰ ਦੇ ਮੁੱਦੇ 'ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ ਨਾਲ ਨਿਯਮਿਤ ਸੰਪਰਕ ਵਿਚ ਹਨ। ਉਸ ਨੇ ਕਿਹਾ ਕਿ ਸ਼ਹਿਜ਼ਾਦੇ ਸਲਮਾਨ ਨੇ ਫਰਵਰੀ 2019 ਵਿਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਉਦੋਂ ਤੋਂ ਪਾਕਿਸਤਾਨ-ਸਾਊਦੀ ਅਰਬ ਦੇ ਰਿਸ਼ਤਿਆਂ ਨੂੰ ਸਹਿਯੋਗ ਦੇ ਸਾਰੇ ਖੇਤਰਾਂ ਵਿਚ ਗਤੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਦੋਵੇਂ ਧਿਰਾਂ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ। ਵਿਦੇਸ਼ ਦਫਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਦੀ ਸਾਊਦੀ ਅਰਬ ਦੀ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਭਾਈਚਾਰੇ ਦੇ ਕਰੀਬੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਵੱਖ-ਵੱਖ ਖੇਤਰਾਂ ਵਿਚ ਦੋ ਪੱਖੀ ਸਹਿਯੋਗ ਨੂੰ ਡੂੰਘਾ ਕਰੇਗੀ।

Sunny Mehra

This news is Content Editor Sunny Mehra