ਮੁਲਤਵੀ ਹੋ ਸਕਦਾ ਹੈ ਇਮਰਾਨ ਖਾਨ ਦਾ ਸਹੁੰ ਚੁੱਕ ਪ੍ਰੋਗਰਾਮ, ਇਹ ਹੈ ਵਜ੍ਹਾ

08/08/2018 11:27:17 AM

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸੱਚ ਹੋਣ ਵਿਚ ਹਾਲੇ ਹੋਰ ਦੇਰੀ ਹੋ ਸਕਦੀ ਹੈ। ਚੋਣ ਜ਼ਾਬਤਾ ਉਲੰਘਣਾ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕਾਰਨ ਪਾਕਿ ਚੋਣ ਕਮਿਸ਼ਨ ਨੇ ਦੇਸ਼ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋ ਸੀਟਾਂ ਦੇ ਜਿੱਤ ਦੀ ਨੋਟੀਫਿਕੇਸ਼ਨ ਰੋਕ ਦਿੱਤੀ ਹੈ। 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਨੇ 5 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਪਰ ਸਹੁੰ ਚੱਕ ਪ੍ਰੋਗਰਾਮ ਦੇ ਮੁਲਤਵੀ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਚੋਣ ਦੁਬਾਰਾ ਕਰਾਏ ਜਾਣ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। 

ਸਥਾਨਕ ਮੀਡੀਆ ਮੁਤਾਬਕ 3 ਹੋਰ ਸੀਟਾਂ 'ਤੇ ਇਮਰਾਨ ਦੀ ਜਿੱਤ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਭਾਵੇਂ ਕਿ ਪੈਡਿੰਗ ਮਾਮਲਿਆਂ ਦੀ ਸੁਣਵਾਈ ਦੇ ਆਧਾਰ 'ਤੇ ਇਨ੍ਹਾਂ ਸੀਟਾਂ 'ਤੇ ਚੋਣ ਕਮਿਸ਼ਨ ਇਮਰਾਨ ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਸਕਦਾ ਹੈ। 65 ਸਾਲਾ ਇਮਰਾਨ ਨੂੰ ਉਸ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਆਪਣਾ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਹੈ। ਕਮਿਸ਼ਨ ਨੇ ਐੱਨ.ਏ.-54 (ਇਸਲਾਮਾਬਾਦ-2) ਅਤੇ ਐੱਨ.ਏ.-131 (ਲਾਹੌਰ-9) ਸੀਟਾਂ 'ਤੇ ਉਨ੍ਹਾਂ ਦੀ ਜਿੱਤ ਦੀ ਨੋਟੀਫਿਕੇਸ਼ਨ 'ਤੇ ਰੋਕ ਲਗਾਈ ਹੈ। ਐੱਨ.ਏ.-53 ਸੀਟ 'ਤੇ ਇਮਰਾਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਹਰਾਇਆ ਸੀ। ਇੱਥੇ ਕੈਮਰੇ ਸਾਹਮਣੇ ਵੋਟ ਪਾਉਣ ਕਾਰਨ ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਨੋਟਿਸ ਦਿੱਤਾ ਸੀ। 

ਚੋਣ ਜ਼ਾਬਤਾ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਹੋਣ ਕਾਰਨ ਉਨ੍ਹਾਂ ਦੀ ਨੋਟੀਫਿਕੇਸ਼ਨ 'ਤੇ ਰੋਕ ਲਗਾਈ ਗਈ। ਉੱਥੇ ਐੱਨ.ਏ.131 ਸੀਟ 'ਤੇ ਪੀ.ਐੱਮ.ਐੱਲ-ਐੱਨ. ਨੇਤਾ ਖਵਾਜ਼ਾ ਸਾਦ ਰਫੀਕ ਨੇ ਇਮਰਾਨ ਨੂੰ ਸਖਤ ਟੱਕਰ ਦਿੱਤੀ। ਇਸ ਸੀਟ ਦੀ ਜਿੱਤ ਦੀ ਨੋਟੀਫਿਕੇਸ਼ਨ 'ਤੇ ਇਸ ਲਈ ਰੋਕ ਲਗਾਈ ਗਈ ਕਿਉਂਕਿ ਰਫੀਕ ਦੀ ਦੁਬਾਰਾ ਵੋਟਾਂ ਕਰਾਉਣ ਦੀ ਗਿਣਤੀ ਦੀ ਐਪਲੀਕੇਸ਼ਨ 'ਤੇ ਲਾਹੌਰ ਹਾਈਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।