ਇਮਰਾਨ ਖਾਨ ਨੇ ਜਾਧਵ ਨੂੰ ਭਾਰਤ ਹਵਾਲੇ ਨਾ ਕਰਨ ਦੇ ICJ ਦੇ ਫੈਸਲਾ ਦਾ ਕੀਤਾ ਸਵਾਗਤ

07/18/2019 2:15:05 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਭਾਰਤ ਨਹੀਂ ਭੇਜਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਖਾਨ ਨੇ ਜਾਧਵ ਮਾਮਲੇ 'ਚ ਆਈ.ਸੀ.ਜੇ. ਦੇ ਫੈਸਲੇ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਆਪਣੀ ਪ੍ਰਤੀਕਿਰਿਆ 'ਚ ਇਹ ਗੱਲ ਕਹੀ।

ਆਈ.ਸੀ.ਜੇ. ਨੇ ਸ਼੍ਰੀ ਜਾਧਵ ਦੀ ਮੌਤ 'ਤੇ ਰੋਕ ਲਗਾ ਦਿੱਤੀ ਹੈ ਤੇ ਉਨ੍ਹਾਂ ਨੂੰ ਵਕੀਲ ਮੁਹੱਈਆ ਕਰਵਾਉਣ ਦੀ ਆਗਿਆ ਦਿੱਤੀ ਹੈ। ਖਾਨ ਨੇ ਕਿਹਾ ਕਿ ਭਾਰਤੀ ਨਾਗਰਿਕ ਨੂੰ ਬਰੀ ਨਾ ਕਰਨ ਤੇ ਉਸ ਦੀ ਮੌਤ ਦੀ ਸਜ਼ਾ 'ਤੇ ਮੁੜ ਵਿਚਾਰ ਕਰਨ ਦਾ ਆਈ.ਸੀ.ਜੇ. ਦਾ ਫੈਸਲਾ ਸਵਾਗਤ ਯੋਗ ਹੈ। ਖਾਨ ਨੇ ਟਵੀਟ ਕਰਕੇ ਕਿਹਾ, ''ਅੰਤਰਰਾਸ਼ਟਰੀ ਅਦਾਲਤ ਦਾ ਕੁਲਭੂਸ਼ਣ ਜਾਧਵ ਨੂੰ ਬਰੀ ਕਰਕੇ ਭਾਰਤ ਹਵਾਲੇ ਨਾਲ ਕਰਨ ਦਾ ਫੈਸਲਾ ਸਵਾਗਤ ਯੋਗ ਹੈ। ਉਹ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਅਪਰਾਧ ਦੇ ਦੋਸ਼ੀ ਹਨ। ਪਾਕਿਸਤਾਨ ਇਸ ਮਾਮਲੇ 'ਚ ਅੱਗੇ ਦੀ ਕਾਰਵਾਈ ਕਾਨੂੰਨ ਮੁਤਾਬਕ ਕਰੇਗਾ।'' ਆਈ.ਸੀ.ਜੇ. ਨੇ ਬੁੱਧਵਾਰ ਨੂੰ ਆਪਣੇ ਫੈਸਲੇ 'ਚ ਕਿਹਾ ਸੀ ਕਿ ਪਾਕਿਸਤਾਨ ਦਾ ਜਾਧਵ ਨੂੰ ਵਕੀਲ ਮੁਹੱਈਆ ਨਾ ਕਰਵਾਉਣਾ ਵਿਆਨਾ ਸੰਧੀ ਦਾ ਉਲੰਘਣ ਹੈ। ਉਸ ਦੀ ਫਾਂਸੀ ਦੀ ਸਜ਼ਾ 'ਤੇ ਉਦੋਂ ਤੱਕ ਰੋਕ ਰਹੇਗੀ ਜਦੋਂ ਤੱਕ ਪਾਕਿਸਤਾਨ ਆਪਣੇ ਫੈਸਲੇ 'ਤੇ ਮੁੜ ਵਿਚਾਰ ਨਹੀਂ ਕਰਦਾ ਤੇ ਇਸ ਫੈਸਲੇ ਦੀ ਪ੍ਰਭਾਵੀ ਸਮੀਖਿਆ ਨਹੀਂ ਕਰਦਾ।

ਜਸਟਿਸ ਅਬਦੁਲਕਾਵੀ ਅਹਿਮਦ ਯੂਸੁਫ ਦੀ ਪ੍ਰਧਾਨਗੀ ਵਾਲੀ ਅੰਤਰਰਾਸ਼ਟਰੀ ਅਦਾਲਤ ਦੀ ਬੈਂਚ ਨੇ ਜਾਧਵ ਦੀ ਸਜ਼ਾ ਤੇ ਕੈਦ 'ਤੇ ਮੁੜ ਵਿਚਾਰ ਤੇ ਪ੍ਰਭਾਵੀ ਸਮੀਖਿਆ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ 'ਤੇ ਜਾਸੂਸੀ ਦਾ ਦੋਸ਼ ਲਾਉਂਦੇ ਹੋਏ ਪਾਕਿਸਤਾਨ ਦੀ ਫੌਜੀ ਅਦਾਲਤ 'ਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਨੇ ਉਸ 'ਤੇ ਜਾਸੂਸੀ ਤੇ ਅੱਤਵਾਦ ਦੇ ਦੋਸ਼ ਲਾਏ ਹਨ। ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ 'ਚ ਜਾਧਵ ਨੂੰ ਅਪ੍ਰੈਲ 2017 'ਚ ਮੌਤ ਦੀ ਸਜ਼ਾ ਸੁਣਾਈ ਸੀ। ਉਸ ਦੇ ਖਿਲਾਫ ਭਾਰਤ ਨੇ ਮਈ 2017 'ਚ ਅੰਤਰਰਾਸ਼ਟਰੀ ਕੋਰਟ ਦਾ ਰੁਖ ਕੀਤਾ ਸੀ।

Baljit Singh

This news is Content Editor Baljit Singh