ਕਿਸੇ ਦੇਸ਼ ਦਾ ਸਾਥ ਨਾ ਮਿਲਣ ''ਤੇ ਪਾਕਿ ਪ੍ਰਧਾਨ ਮੰਤਰੀ ਨੇ ਟਵਿਟਰ ''ਤੇ ਕੱਢੀ ਭੜਾਸ

08/11/2019 6:51:48 PM

ਇਸਲਾਮਾਬਾਦ— ਜੰਮੂ ਕਸ਼ਮੀਰ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਨੀਆ ਦੇ ਸਾਹਮਣੇ ਮਦਦ ਦੀ ਗੁਹਾਰ ਲਾ ਰਹੇ ਹਨ। ਪਰ ਪਾਕਿਸਤਾਨ ਦੀ ਅਪੀਲ ਨੂੰ ਕਿਸੇ ਵੀ ਦੇਸ਼ ਵਲੋਂ ਤਵੱਜੋ ਨਹੀਂ ਮਿਲ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦੇ ਦੌਰੇ 'ਤੇ ਹਨ ਤੇ ਚੀਨ ਤੋਂ ਇਸ ਮਸਲੇ 'ਤੇ ਮਦਦ ਮੰਗ ਰਹੇ ਹਨ ਪਰ ਉਥੇ ਵੀ ਪਾਕਿਸਤਾਨ ਨੂੰ ਨਿਰਾਸ਼ਾ ਹੀ ਹੱਥ ਲੱਗੀ।

ਹਰ ਪਾਸੇ ਤੋਂ ਨਿਰਾਸ਼ਾ ਹੱਥ ਲੱਗਦੇ ਦੇਖ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਟਵਿਟਰ 'ਤੇ ਬੌਖਲਾਹਟ ਦੀ ਮੁੱਦਰਾ 'ਚ ਆ ਗਏ ਹਨ। ਇਮਰਾਨ ਨੇ ਟਵਿਟਰ 'ਤੇ ਭਾਰਤ 'ਤੇ ਝੂਠੇ ਦੋਸ਼ ਮੜਨੇ ਸ਼ੁਰੂ ਕਰ ਦਿੱਤੇ ਹਨ ਤੇ ਕਿਹਾ ਹੈ ਕਿ ਕੀ ਦੁਨੀਆ ਦੇ ਦੇਸ਼ ਇਸ 'ਤੇ ਕੋਈ ਕਦਮ ਨਹੀਂ ਚੁੱਕਣਗੇ।
ਇਮਰਾਨ ਨੇ ਕਿਹਾ ਹੈ ਕਿ ਕਸ਼ਮੀਰ 'ਚ ਕਰਫਿਊ ਹੈ ਤੇ ਉਥੋਂ ਦੇ ਕਸ਼ਮੀਰੀਆਂ 'ਤੇ ਤਸ਼ੱਦਦ ਕੀਤੀ ਜਾ ਰਹੀ ਹੈ। ਇਮਰਾਨ ਨੇ ਦੁਨੀਆ ਦੇ ਸਾਹਮਣੇ ਗੁਹਾਰ ਲਾਉਂਦੇ ਹੋਏ ਕਿਹਾ ਹੈ ਕਿ ਕੀ ਵਰਲਡ ਲੀਡਰਸ ਇਸ ਮਾਮਲੇ 'ਚ ਕੁਝ ਪਹਿਲ ਕਰਨਗੇ। ਇਮਰਾਨ ਦਾ ਦੋਸ਼ ਹੈ ਕਿ ਕਸ਼ਮੀਰ ਦੀ ਆਬਾਦੀ ਦਾ ਪੈਟਰਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਮਰਾਨ ਦੇ ਦੋਸ਼ਾਂ ਤੋਂ ਉਲਟ ਕਸ਼ਮੀਰ 'ਚ ਹਾਲਾਤ ਤੇਜ਼ੀ ਨਾਲ ਆਮ ਹੋ ਰਹੇ ਹਨ। ਸ਼੍ਰੀਨਗਰ 'ਚ ਸ਼ਨੀਵਾਰ ਤੇ ਐਤਵਾਰ ਨੂੰ ਬਕਰੀਦ ਦੀ ਜਮ ਕੇ ਖਰੀਦਦਾਰੀ ਹੋਈ। ਇਲਾਕੇ ਦੇ ਲੋਕ ਬਕਰੀਦ ਪੂਰੇ ਉਤਸ਼ਾਹ ਨਾਲ ਮਨਾ ਸਕਣ ਇਸ ਲਈ ਪ੍ਰਸ਼ਾਸਨ ਨੇ ਕਈ ਕੋਸ਼ਿਸ਼ਾਂ ਕੀਤੀਆਂ ਹਨ।

ਭਾਰਤ ਨੂੰ ਕਸ਼ਮੀਰ ਮਾਮਲੇ 'ਤੇ ਕਈ ਦੇਸ਼ਾਂ ਤੋਂ ਸਮਰਥਨ ਮਿਲ ਚੁੱਕਿਆ ਹੈ। ਜਿਨ੍ਹਾਂ 'ਚ ਰੂਸ, ਮਾਲਦੀਵ, ਸ਼੍ਰੀਲੰਕਾ ਤੇ ਅਮਰੀਕਾ ਜਿਹੇ ਦੇਸ਼ ਸ਼ਾਮਲ ਹਨ। ਰੂਸ ਨੇ ਸਾਫ ਸ਼ਬਦਾਂ 'ਚ ਕਿਹਾ ਹੈ ਕਿ ਜੰਮੂ-ਕਸ਼ਮੀਰ ਦੋ ਹਿੱਸਿਆਂ 'ਚ ਵੰਡਣਾਂ ਤੇ ਕੇਂਦਰਸ਼ਾਸਤ ਪ੍ਰਦੇਸ਼ ਬਣਾਉਣ ਦਾ ਫੈਸਲਾ ਸੰਵਿਧਾਨ ਦੇ ਮੁਤਾਬਕ ਹੀ ਲਿਆ ਗਿਆ ਸੀ। ਰੂਸ ਨੇ ਕਿਹਾ ਕਿ ਮਾਸਕੋ ਨੂੰ ਉਮੀਦ ਹੈ ਕਿ ਜੰਮੂ-ਕਸ਼ਮੀਰ 'ਤੇ ਦਿੱਲੀ ਵਲੋਂ ਲਏ ਗਏ ਫੈਸਲੇ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ 'ਚ ਵਾਧਾ ਨਹੀਂ ਹੋਵੇਗਾ।

Baljit Singh

This news is Content Editor Baljit Singh