ਭਾਰਤ ਤੋਂ ਡਰੇ ਇਮਰਾਨ ਖਾਨ, ਕਿਹਾ- LoC ਨਾ ਪਾਰ ਕਰਨ ਪਾਕਿਸਤਾਨੀ

10/05/2019 12:09:58 PM

ਇਸਲਾਮਾਬਾਦ— ਕਸ਼ਮੀਰ ਮੁੱਦੇ ਨੂੰ ਲੈ ਕੇ ਵਾਰ-ਵਾਰ ਭਾਰਤ ਨੂੰ ਗਿੱਦੜ ਭਬਕੀਆਂ ਦੇਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੁਣ ਡਰ ਲੱਗਣ ਲੱਗ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਕਸ਼ਮੀਰ ਰਾਗ ਅਲਾਪਦੇ ਹੋਏ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਬੌਖਲਾਹਟ ਸਾਫ ਦਿਖਾਈ ਦੇ ਰਹੀ ਹੈ।

ਇਮਰਾਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਸ਼ਮੀਰ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਅੱਤਵਾਦੀਆਂ ਦੀ ਪੈਰਵੀ ਕੀਤੀ। ਉਨ੍ਹਾਂ ਲਿਖਿਆ ਕਿ ਜੇਕਰ ਕਸ਼ਮੀਰੀਆਂ ਦੀ ਮਦਦ ਕਰਨ ਲਈ ਪਾਕਿਸਤਾਨ ਵਲੋਂ ਕੋਈ ਵੀ ਐੱਲ. ਓ. ਸੀ. ਪਾਰ ਕਰਦਾ ਹੈ ਤਾਂ ਭਾਰਤ ਦੁਨੀਆ ਸਾਹਮਣੇ ਉਸ ਨੂੰ ਪਾਕਿਸਤਾਨ ਵਲੋਂ ਭੇਜੇ 'ਇਸਲਾਮੀ ਅੱਤਵਾਦੀ' ਕਰਾਰ ਦਿੰਦਾ ਹੈ। ਇਹ ਹੀ ਨਹੀਂ ਉਸ ਨੇ ਦਾਅਵਾ ਕੀਤਾ ਕਿ ਕਸ਼ਮੀਰ 'ਚ ਦੋ ਮਹੀਨਿਆਂ ਤੋਂ ਲੋਕ ਅਣਮਨੁੱਖੀ ਹਾਲਤ 'ਚ ਰਹਿਣ ਲਈ ਮਜਬੂਰ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਮਰਾਨ ਖਾਨ ਨੇ ਪਾਕਿਸਤਾਨੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ ਜਿਹਾਦ ਲਈ ਕਸ਼ਮੀਰ ਨਾ ਜਾਣ ਕਿਉਂਕਿ ਇਸ ਨਾਲ ਕਸ਼ਮੀਰੀਆਂ ਨੂੰ ਨੁਕਸਾਨ ਪੁੱਜੇਗਾ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਕਿਸਤਾਨ ਤੋਂ ਕੋਈ ਜਿਹਾਦ ਲਈ ਭਾਰਤ ਜਾਵੇਗਾ ਤਾਂ ਉਹ ਕਸ਼ਮੀਰੀਆਂ ਨਾਲ ਅਨਿਆਂ ਕਰਨ ਵਾਲਾ ਪਹਿਲਾ ਵਿਅਕਤੀ ਹੋਵੇਗਾ, ਉਹ ਕਸ਼ਮੀਰੀਆਂ ਦਾ ਦੁਸ਼ਮਣ ਹੋਵੇਗਾ।