ਮੌਲਾਨਾ ਸਾਹਮਣੇ ਝੁਕੀ ਇਮਰਾਨ ਸਰਕਾਰ, ਅਸਤੀਫਾ ਛੱਡ ਬਾਕੀ ਮੰਗਾਂ ਮੰਨਣ ਲਈ ਤਿਆਰ

11/05/2019 9:08:12 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਜ਼ਾਦੀ ਮਾਰਚ ਦੇ ਰਾਹੀਂ ਸਰਕਾਰ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੀ ਉਨ੍ਹਾਂ ਦੇ ਅਸਤੀਫੇ ਤੋਂ ਇਲਾਵਾ ਸਾਰੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਮਾਰਚ ਦੀ ਅਗਵਾਈ ਮੌਲਾਨਾ ਫਜ਼ਲੁਰ ਰਹਿਮਾਨ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੂੰ ਬੈਕਫੁੱਟ 'ਤੇ ਧਕੇਲ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਨੇ ਇਹ ਗੱਲ ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ਼ ਖੱਟਕ ਦੀ ਅਗਵਾਈ ਵਾਲੀ ਟੀਮ ਦੇ ਨਾਲ ਇਕ ਬੈਠਕ 'ਚ ਕੀਤੀ। ਇਸ ਟੀਮ ਨੂੰ ਇਸਲਾਮਾਬਾਦ 'ਚ ਪ੍ਰਦਰਸ਼ਨ ਕਰਨ ਵਾਲੇ ਵਿਰੋਧੀ ਦਲਾਂ ਦੇ ਨਾਲ ਗੱੱਲ ਕਰ ਮਸਲਾ ਸੁਲਝਾਉਣ ਦਾ ਜ਼ਿੰਮਾ ਦਿੱਤਾ ਗਿਆ ਸੀ। ਦ ਐਕਸਪ੍ਰੈੱਸ ਟ੍ਰਿਬਿਊਨ ਨੇ ਇਮਰਾਨ ਖਾਨ ਦੇ ਬਿਆਨ ਦੇ ਹਵਾਲੇ ਨਾਲ ਲਿਖਿਆ ਕਿ ਅਸਤੀਫੇ ਤੋਂ ਇਲਾਵਾ ਸਾਰੀਆਂ ਜਾਇਜ਼ ਮੰਗਾਂ ਨੂੰ ਮੰਨਣ ਦੇ ਲਈ ਤਿਆਰ ਹਾਂ।

ਇਮਰਾਨ ਨੇ ਕੀਤੀ ਸਰਕਾਰੀ ਦਲ ਨਾਲ ਮੁਲਾਕਾਤ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਰੱਖਿਆ ਮੰਤਰੀ ਪਰਵੇਜ਼ ਖੱਟਕ ਦੀ ਅਗਵਾਈ ਵਾਲੇ ਸਰਕਾਰੀ ਵਾਰਤਾ ਦਲ ਨਾਲ ਮੁਲਾਕਾਤ ਕਰ ਕੇ ਜੇਯੂਆਈ-ਐੱਫ ਦੇ ਆਜ਼ਾਦੀ ਮਾਰਚ ਦੇ ਸਬੰਧ 'ਚ ਅੱਗੇ ਕਾਰਵਾਈ ਕੀਤੀ। ਜਿਓ ਨਿਊਜ਼ ਦੀ ਖਬਰ ਮੁਤਾਬਕ ਇਹ ਬੈਠਕ ਸਰਕਾਰੀ ਦਲ ਤੇ ਰਹਿਬਰ ਕਮੇਟੀ ਦੇ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਹੋਈ। ਰਹਿਬਰ ਕਮੇਟੀ 'ਚ ਵਿਰੋਧੀ ਦਲਾਂ ਦੇ ਪ੍ਰਤੀਨਿਧੀ ਸ਼ਾਮਲ ਹਨ।

ਮੌਲਾਨਾ ਰਹਿਮਾਨ ਚਾਹੁੰਦੇ ਹਨ ਇਮਰਾਨ ਸਰਕਾਰ ਦਾ ਪਤਨ
ਦ ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ ਖੱਟਕ ਤੇ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਚੌਧਰੀ ਪਰਵੇਜ਼ ਇਲਾਹੀ ਨੇ ਰਹਿਬਰ ਕਮੇਟੀ ਦੇ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਖਾਨ ਨੂੰ ਦਿੱਤੀ। ਇਲਾਹੀ ਨੇ ਜਮੀਅਤ ਉਲੇਮਾ-ਏ-ਫਜ਼ਲ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਦੇ ਨਾਲ ਆਪਣੀ ਬੈਠਕ ਬਾਰੇ ਵੀ ਇਮਰਾਨ ਖਾਨ ਨੂੰ ਜਾਣਕਾਰੀ ਦਿੱਤੀ। ਰਹਿਮਾਨ ਪਾਕਿਸਤਾਨ ਦੀ ਸੱਤਾਧਾਰੀ ਤਹਿਰੀਕ-ਏ-ਇਨਸਾਫ ਸਰਕਾਰ ਦੇ ਪਤਨ ਲਈ ਮਾਰਚ ਦੀ ਅਗਵਾਈ ਕਰ ਰਹੇ ਹਨ।

25 ਲੱਖ ਲੋਕ ਪ੍ਰਦਰਸ਼ਨ 'ਚ ਲੈ ਚੁੱਕੇ ਹਨ ਹਿੱਸਾ
ਬੈਠਕ ਤੋਂ ਕੁਝ ਘੰਟੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਸ਼ੁਜਾਤ ਹੁਸੈਨ ਦੀ ਅਗਵਾਈ 'ਚ ਦੂਜਾ ਸਰਕਾਰੀ ਵਫਦ ਵੀ ਮੰਗਾਂ 'ਤੇ ਚਰਚਾ ਕਰਨ ਲਈ ਜੇਯੂਆਈ-ਐੱਫ ਮੁਖੀ ਨੂੰ ਮਿਲਿਆ ਸੀ। ਅਧਿਕਾਰੀਆਂ ਮੁਤਾਬਕ 31 ਅਕਤੂਬਰ ਨੂੰ ਆਜ਼ਾਦੀ ਮਾਰਚ ਦੇ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਤੋਂ 20 ਤੋਂ 25 ਲੱਖ ਪ੍ਰਦਰਸ਼ਨਕਾਰੀ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਚੁੱਕੇ ਹਨ।

Baljit Singh

This news is Content Editor Baljit Singh