ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਪਾਕਿ ਛੱਡਿਆ

02/06/2018 10:36:06 AM

ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਮੁੱਖ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਪਾਕਿਸਤਾਨ ਛੱਡ ਦਿੱਤਾ ਹੈ। ਉਨ੍ਹਾਂ ਨੇ ਅਜਿਹਾ ਕਰਨ ਪਿੱਛੇ ਅਣਜਾਣ ਵਿਅਕਤੀਆਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਪਾਕਿਸਤਾਨ ਦੀ ਸਮਾਚਾਰ ਏਜੰਸੀ ਮੁਤਾਬਕ ਰੇਹਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਐਤਵਾਰ ਰਾਤ ਨੂੰ ਪਾਕਿਸਤਾਨ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਆਪਣੇ ਸਟਾਫ ਦੇ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਰੇਹਮ ਨੇ ਕਿਹਾ ਕਿ ਧਮਕੀਆਂ ਮਿਲਣ ਕਾਰਨ ਉਨ੍ਹਾਂ ਨੇ ਆਪਣੇ ਬੇਟੀ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਸੀ। 
ਉਨ੍ਹਾਂ ਨੇ ਕਿਹਾ,''ਕਿਸੇ ਵੀ ਸਿਆਸੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਮੈਨੂੰ ਸਟਾਫ ਦੇ ਫੋਨ 'ਤੇ ਸਤੰਬਰ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ। ਹੁਣ ਇਹ ਧਮਕੀਆਂ ਬਹੁਤ ਵੱਧ ਗਈਆਂ ਹਨ। ਇਸ ਲਈ ਮੈਂ ਪਾਕਿਸਤਾਨ ਛੱਡਣ ਦਾ ਫੈਸਲਾ ਲਿਆ।'' ਰੇਹਮ ਮੁਤਾਬਕ ਕਈ ਸਾਬਕਾਂ ਕ੍ਰਿਕਟਰਾਂ ਨੇ ਉਸ ਨੂੰ ਫੋਨ ਕਰ ਕੇ ਇਮਰਾਨ ਖਾਨ ਨੂੰ ਭੁੱਲਣ ਅਤੇ ਉਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿਚ ਨਾ ਪੈਣ ਦੀ ਸਲਾਹ ਦਿੱਤੀ ਹੈ। ਰੇਹਮ ਨੇ ਪਾਕਿਸਤਾਨ ਛੱਡਣ ਤੋਂ ਕੁਝ ਦਿਨ ਪਹਿਲਾਂ ਇਕ ਭਾਰਤੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਖਾਸ ਮੁੱਦਿਆਂ 'ਤੇ ਚੁੱਪੀ ਤੋੜਨੀ ਹੈ। ਉਨ੍ਹਾਂ ਨੇ ਕਿਹਾ,''ਅਜਿਹੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ 'ਤੇ ਮੈਂ ਹਾਲ ਤੱਕ ਚੁੱਪ ਰਹੀ ਹਾਂ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਜਲਦੀ ਹੀ ਆਪਣੀ ਚੁੱਪੀ ਤੋੜਾਂਗੀ।''