ਇਮਰਾਨ ਦਾ ਦਾਅਵਾ, ਹੁਣ ਪਾਕਿ ਨਹੀਂ ਅੱਤਵਾਦੀਆਂ ਦਾ 'ਘਰ'

02/17/2020 8:52:02 PM

ਇਸਲਾਮਾਬਾਦ (ਏਜੰਸੀ)- ਪੂਰੀ ਦੁਨੀਆ 'ਚ ਟੈਰਰ ਫੰਡਿੰਗ ਖਿਲਾਫ ਕਾਰਵਾਈ ਕਰਨ ਵਾਲੇ ਐਫ.ਏ.ਟੀ.ਐਫ. ਦੀ ਪੈਰਿਸ ਵਿਚ ਹੋਣ ਵਾਲੀ ਅਹਿਮ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀਆਂ ਖਿਲਾਫ ਕਾਰਵਾਈ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਦੇਸ਼ ਹੁਣ ਅੱਤਵਾਦੀ ਸੰਗਠਨਾਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਜਨਤਕ ਤੌਰ 'ਤੇ ਮੰਨਿਆ ਕਿ ਸ਼ਾਇਦ ਪਹਿਲਾਂ ਅਜਿਹਾ ਨਹੀਂ ਸੀ। ਦੱਸ ਦਈਏ ਕਿ ਪਾਕਿਸਤਾਨ ਟੇਰਰ ਫੰਡਿੰਗ ਖਿਲਾਫ ਭਰਪੂਰ ਕਦਮ ਨਹੀਂ ਚੁੱਕਣ ਨੂੰ ਲੈ ਕੇ ਐਫ.ਏ.ਟੀ.ਐਫ. ਦੀ ਕਾਲੀ ਸੂਚੀ ਵਿਚ ਸ਼ਾਮਲ ਹੋਣ ਤੋਂ ਬਚਣ ਦੀ ਕੋਸ਼ਿਸ਼ ਵਿਚ ਹੈ। ਉਹ ਫਿਲਹਾਲ ਇਸ ਸੰਸਾਰਕ ਸੰਗਠਨ ਦੀ ਗ੍ਰੇ ਲਿਸਟ ਵਿਚ ਹੈ।

ਦੇਸ਼ ਵਿਚ ਅਫਗਾਨ ਸ਼ਰਨਾਰਥੀਆਂ ਦੀ ਮੇਜ਼ਬਾਨੀ ਦੇ 40 ਸਾਲ ਪੂਰੇ ਹੋਣ 'ਤੇ ਇਕ ਕੌਮਾਂਤਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ 'ਚ ਸ਼ਾਂਤੀ ਚਾਹੁੰਦਾ ਹੈ ਅਤੇ ਜੰਗ ਪ੍ਰਭਾਵਿਤ ਇਸ ਦੇਸ਼ 'ਚ ਸਥਿਰਤਾ ਉਸ ਦੇ ਹਿੱਤ 'ਚ ਹੈ। ਇਮਰਾਨ ਨੇ ਸੰਮੇਲਨ 'ਚ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਥੇ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ।ਸੰਮੇਲਨ 'ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਵੀ ਹਿੱਸਾ ਲੈ ਰਹੇ ਹਨ। ਪਾਕਿ ਪੀ.ਐਮ. ਨੇ ਕਿਹਾ ਕਿ ਅਤੀਤ 'ਚ ਭਾਵੇਂ ਜੋ ਵੀ ਸਥਿਤੀ ਰਹੀ ਹੋਵੇ ਪਰ ਫਿਲਹਾਲ ਮੈਂ ਤੁਹਾਨੂੰ ਦੱਸ ਸਕਦਾ ਹਾਂ ਇਕ ਅਜਿਹੀ ਚੀਜ਼ ਹੈ, ਜੋ ਅਸੀਂ ਚਾਹੁੰਦੇ ਹਾਂ। ਉਹ ਹੈ ਅਫਗਾਨਿਸਤਾਨ 'ਚ ਸ਼ਾਂਤੀ।

ਜ਼ਿਕਰਯੋਗ ਹੈ ਕਿ ਅਮਰੀਕਾ, ਭਾਰਤ ਅਤੇ ਅਫਗਾਨਿਸਤਾਨ ਲੰਬੇ ਸਮੇਂ ਤੋਂ ਪਾਕਿਸਤਾਨ 'ਤੇ ਤਾਲਿਬਾਨ, ਹੱਕਾਨੀ ਨੈਟਵਰਕ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ ਦਾ ਦੋਸ਼ ਲਗਾਉਂਦੇ ਰਹੇ ਹਨ। ਦਿ ਨਿਊਜ਼ ਦੀ ਰਿਪੋਰਟ ਮੁਤਾਬਕ ਇਮਰਾਨ ਨੇ ਮੰਨਿਆ ਕਿ ਸੰਭਵ ਹੈ ਕਿ 9/11 ਤੋਂ ਬਾਅਦ ਦੇਸ਼ ਵਿਚ ਅਫਗਾਨ ਸ਼ਰਨਾਰਥੀ ਕੈਂਪਾਂ ਵਿਚ ਅਜਿਹੇ ਸੁਰੱਖਿਅਤ ਪਨਾਹਗਾਹ ਸਰਗਰਮ ਰਹੇ ਹੋਣ। ਇਮਰਾਨ ਨੇ ਕਿਹਾ ਕਿ ਸਰਕਾਰ ਕਿਵੇਂ ਇਹ ਪਤਾ ਕਰ ਸਕੇਗੀ ਕਿ ਅੱਤਵਾਦੀ ਕਿਵੇਂ ਇਨ੍ਹਾਂ ਕੈਂਪਾਂ ਤੋਂ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ ਕਿਉਂਕਿ ਪਾਕਿਸਤਾਨ ਵਿਚ ਅਫਗਾਨ ਸ਼ਰਨਾਰਥੀ ਕੈਂਪਾਂ ਵਿਚ ਇਕ ਲੱਖ ਤੋਂ ਜ਼ਿਆਦਾ ਲੋਕ ਹਨ।


Sunny Mehra

Content Editor

Related News