ਬੰਗਲਾਦੇਸ਼ 'ਚ 9 ਗੁਣਾ ਮਹਿੰਗਾ ਹੋਇਆ ਪਿਆਜ਼, ਜਹਾਜ਼ਾਂ ਰਾਹੀਂ ਹੋ ਰਿਹੈ ਦਰਾਮਦ

11/18/2019 10:13:19 AM

ਢਾਕਾ— ਬੰਗਲਾਦੇਸ਼ 'ਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਦੇ 30 ਟਕਾ (ਤਕਰੀਬਨ 25 ਰੁਪਏ) ਵਿਕਣ ਵਾਲੇ ਪਿਆਜ਼ ਦੀ ਕੀਮਤ 260 ਟਕਾ (ਤਕਰੀਬਨ 220 ਰੁਪਏ) ਪ੍ਰਤੀ ਕਿਲੋ ਤਕ ਪੁੱਜ ਗਈ ਹੈ। ਹਾਲਾਤ ਇਹ ਹੈ ਕਿ ਬੰਗਲਾਦੇਸ਼ ਸਰਕਾਰ ਨੂੰ ਖਪਤ ਪੂਰੀ ਕਰਨ ਲਈ ਪਿਆਜ਼ ਹਵਾਈ ਜਹਾਜ਼ ਰਾਹੀਂ ਮੰਗਵਾਉਣਾ ਪੈ ਰਿਹਾ ਹੈ। ਮਹਿੰਗਾਈ ਕਾਰਨ ਲੋਕਾਂ ਦੀਆਂ ਥਾਲੀਆਂ 'ਚੋਂ ਪਿਆਜ਼ ਗਾਇਬ ਹੋ ਚੁੱਕਾ ਹੈ।
ਬੰਗਲਾਦੇਸ਼ 'ਚ ਪਿਆਜ਼ ਦੀ ਮਹਿੰਗਾਈ ਦਾ ਇਕ ਕਾਰਨ ਭਾਰਤ ਵੀ ਹੈ ਕਿਉਂਕਿ ਇੱਥੇ ਪਿਆਜ਼ ਦੇ ਮੁੱਲ 'ਚ ਭਾਰੀ ਉਛਾਲ ਮਗਰੋਂ ਸਤੰਬਰ ਮਹੀਨੇ ਇਸ ਦੀ ਬਰਾਮਦ ਬੰਦ ਕਰ ਦਿੱਤੀ ਗਈ ਹੈ। ਮਾਨਸੂਨੀ ਬਾਰਸ਼ ਮਗਰੋਂ ਭਾਰਤ 'ਚ ਵੱਡੇ ਪੱਧਰ 'ਤੇ ਪਿਆਜ਼ ਦੀ ਫਸਲ ਬਰਬਾਦ ਹੋ ਗਈ। ਇਸ ਕਾਰਨ ਭਾਰਤ 'ਚ ਪਿਆਜ਼ ਦੇ ਮੁੱਲ 'ਚ ਭਾਰੀ ਉਛਾਲ ਹੈ ਹਾਲਾਂਕਿ ਬੰਗਲਾਦੇਸ਼ ਦੀ ਤੁਲਨਾ 'ਚ ਇਹ ਰੇਟ ਕਾਫੀ ਘੱਟ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਡਿਪਟੀ ਪ੍ਰੈੱਸ ਸੈਕੇਟਰੀ ਹਸਨ ਜਾਹਿਦ ਮੁਤਾਬਕ ਹਵਾਈ ਜਹਾਜ਼ ਰਾਹੀਂ ਪਿਆਜ਼ ਮੰਗਵਾਇਆ ਜਾ ਰਿਹਾ ਹੈ ਅਤੇ ਪੀ. ਐੱਮ. ਸ਼ੇਖ ਹਸੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਾਣੇ 'ਚ ਪਿਆਜ਼ ਦੀ ਵਰਤੋਂ ਬੰਦ ਕਰ ਦਿੱਤੀ ਹੈ। ਕੀਮਤਾਂ ਨੂੰ ਲੈ ਕੇ ਢਾਕਾ 'ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ, ਇਸ ਨੂੰ ਦੇਖਦੇ ਹੋਏ ਮਿਆਂਮਾਰ, ਤੁਰਕੀ, ਚੀਨ ਅਤੇ ਮਿਸਰ ਤੋਂ ਪਿਆਜ਼ ਦੀ ਦਰਾਮਦ ਕੀਤੀ ਜਾ ਰਹੀ ਹੈ।

ਓਧਰ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰੀ ਸੰਸਥਾ 'ਟਰੇਡਿੰਗ ਕਾਰਪੋਰੇਸ਼ਨ ਆਫ ਬੰਗਲਾਦੇਸ਼' ਨੇ ਢਾਕਾ 'ਚ 45 ਟਕਾ ਪ੍ਰਤੀ ਕਿਲੋ ਪਿਆਜ਼ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ, ਹਾਲਾਂਕਿ ਸਬਸਿਡੀ ਦਰ 'ਤੇ ਪਿਆਜ਼ ਖਰੀਦਣ ਲਈ ਲੋਕਾਂ ਨੂੰ ਕਈ-ਕਈ ਘੰਟੇ ਲਾਈਨਾਂ 'ਚ ਖੜ੍ਹੇ ਹੋਣਾ ਪੈ ਰਿਹਾ ਹੈ। ਬੰਗਲਾਦੇਸ਼ ਦੇ ਰੈਸਟੋਰੈਂਟਾਂ 'ਚ ਪਿਆਜ਼ ਦੀ ਵਰਤੋਂ ਕਾਫੀ ਘਟਾ ਦਿੱਤੀ ਗਈ ਹੈ। ਇਸ ਕਾਰਨ ਸਨੈਕਸ ਦੀ ਵਿਕਰੀ 'ਤੇ ਵੀ ਭਾਰੀ ਅਸਰ ਦੇਖਿਆ ਜਾ ਰਿਹਾ ਹੈ।

ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨੇ ਸੋਮਵਾਰ ਨੂੰ ਪਿਆਜ਼ ਦੀਆਂ ਕੀਮਤਾਂ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਦਲਾਂ ਦਾ ਮੰਨਣਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ 'ਚ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ।