ਚੀਨ ਨੇ ਕਿਹਾ— ''ਭਾਰਤ ਨਾਲ ਸੰਬੰਧ ਮਹੱਤਵਪੂਰਣ ਪਰ ਪ੍ਰਭੂਸੱਤਾ ''ਤੇ ਸਮਝੌਤਾ ਨਹੀਂ''

02/04/2018 1:13:21 PM

ਬੀਜਿੰਗ (ਬਿਊਰੋ)— ਚੀਨੀ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਚੀਨ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ ਅਤੇ ਦੋਸਤੀ ਦੇ ਵਿਵਹਾਰ ਨੂੰ ਹਮੇਸ਼ਾ ਮਹੱਤਵ ਦਿੰਦਾ ਹੈ ਪਰ ਉਹ ਆਪਣੇ ਪ੍ਰਭੂਸੱਤਾ ਅਧਿਕਾਰਾਂ, ਹਿੱਤਾਂ ਅਤੇ ਖੇਤਰੀ ਅਖੰਡਤਾ ਨੂੰ ਕਾਇਮ ਰੱਖਣ 'ਤੇ ਅਡਿੱਗ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਸ਼ਨੀਵਾਰ ਨੂੰ ਇਕ ਲੇਖ ਵਿਚ ਇਹ ਗੱਲਾਂ ਕਹੀਆਂ। ਵਾਂਗ ਨੇ ਕਿਹਾ ਕਿ ਜਿਸ 'ਸੰਜਮ' ਨਾਲ ਚੀਨ ਨੇ ਡੋਕਲਾਮ ਗਤੀਰੋਧ ਨੂੰ ਹੱਲ ਕੀਤਾ ਹੈ ਉਹ ਦਰਸਾਉਂਦਾ ਹੈ ਕਿ ਅਸੀਂ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਕਿੰਨਾ ਮਹੱਤਵ ਦਿੰਦੇ ਹਾਂ। ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਆਪਣੇ ਇਸ ਲੇਖ ਵਿਚ ਵਾਂਗ ਯੀ ਨੇ ਪ੍ਰਮੁੱਖ ਦੇਸ਼ਾਂ ਨਾਲ ਚੀਨ ਦੇ ਰਿਸ਼ਤਿਆਂ ਅਤੇ ਆਪਣੀ ਕੂਟਨੀਤਕ ਪਹਿਲ ਦੀ ਚਰਚਾ ਕੀਤੀ ਹੈ। 
ਵਾਂਗ ਨੇ ਕਿਹਾ ਕਿ ਚੀਨ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ ਰਿਸ਼ਤੇ ਅਤੇ ਦੋਸਤੀ ਨੂੰ ਹਮੇਸ਼ਾ ਮਹੱਤਵ ਦਿੰਦਾ ਹੈ ਕਿਉਂਕਿ 'ਅਸੀ ਇਕ-ਦੂਜੇ ਦੇ ਵੱਡੇ ਗੁਆਂਢੀ ਅਤੇ ਪ੍ਰਾਚੀਨ ਸੱਭਿਅਤਾਵਾਂ ਹਨ'। ਉਨ੍ਹਾਂ ਨੇ ਕਿਹਾ,''ਅਸੀਂ ਚੀਨ ਦੇ ਦੋਂਗ ਲੋਂਗ (ਡੋਕਲਾਮ) ਖੇਤਰ ਵਿਚ ਭਾਰਤੀ ਸਰਹੱਦੀ ਫੌਜੀਆਂ ਦੀ ਘੁਸਪੈਠ ਦਾ ਮੁੱਦਾ ਆਪਣੇ ਰਾਸ਼ਟਰੀ ਹਿੱਤ ਵਿਚ, ਨਿਆਂਪੂਰਣ ਆਧਾਰ 'ਤੇ ਅਤੇ ਸੰਜਮ ਨਾਲ ਖਤਮ ਕੀਤਾ। ਕੂਟਨੀਤਕ ਮਾਧਿਅਮ ਨਾਲ ਅਸੀਂ ਭਾਰਤ ਨਾਲ ਗੱਲਬਾਤ ਕੀਤੀ ਅਤੇ ਆਪਣੇ ਉਪਕਰਣ ਤੇ ਫੌਜੀ ਹਟਾਏ।'' ਉਨ੍ਹਾਂ ਨੇ ਕਿਹਾ,''ਇਹ ਦਰਸਾਉਂਦਾ ਹੈ ਕਿ ਅਸੀਂ ਭਾਰਤ ਨਾਲ ਚੰਗੇ ਰਿਸ਼ਤਿਆਂ ਨੂੰ ਨਾ ਸਿਰਫ ਮਹੱਤਵ ਅਤੇ ਉਸ 'ਤੇ ਜ਼ੋਰ ਦਿੰਦੇ ਹਾਂ ਬਲਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਸਾਡੀ ਈਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।''