ਕੈਨੇਡਾ ''ਚ ਬਿਨਾਂ ਲਾਇਸੈਂਸ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਦੇਣ ''ਤੇ ਪੰਜਾਬੀ ਦੋਸ਼ੀ ਕਰਾਰ

01/14/2021 10:56:22 AM

ਨਿਊਯਾਰਕ/ਕੈਲਗਰੀ, (ਰਾਜ ਗੋਗਨਾ )- ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਮਨਜੀਤ ਸਿੰਘ ਪਿਆਸਾ ਨੂੰ ਬਿਨਾਂ ਲਾਇਸੈਂਸ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਦੇ ਦੋਸ਼ ਹੇਠ 18 ਮਹੀਨਿਆਂ ਲਈ ਪ੍ਰੋਬੇਸ਼ਨ( ਪਰਖ ਜਾਂ ਅਜ਼ਮਾਇਸ਼ ਦੇ ਤੌਰ 'ਤੇ ਰੱਖਣਾ), 4,000 ਡਾਲਰ ਦਾ ਜੁਰਮਾਨਾ ਅਤੇ 6,000 ਡਾਲਰ ਤੋਂ ਵੱਧ ਦੀ ਅਦਾਇਗੀ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਵੱਲੋਂ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਮਈ 2019 ਵਿਚ ਇਕ ਜਾਂਚ ਸ਼ੁਰੂ ਕੀਤੀ ਗਈ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਹ ਵਿਅਕਤੀ ਵਕੀਲ ਜਾਂ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਨਹੀਂ ਸੀ। ਸੀ. ਬੀ. ਐੱਸ. ਏ. ਦੇ ਅਧਿਕਾਰੀਆਂ ਅਨੁਸਾਰ 29 ਮਈ, 2019 ਕੈਲਗਰੀ ਦੇ ਇਕ ਦਫ਼ਤਰ ਵਿਖੇ ਸਰਚ ਵਾਰੰਟ ਚਲਾਇਆ ਗਿਆ ਸੀ ਅਤੇ ਨਤੀਜੇ ਵਜੋਂ ਇਮੀਗ੍ਰੇਸ਼ਨ ਐਂਡ ਰਫ਼ਿਊਜੀ  ਪ੍ਰੋਟੈਕਸ਼ਨ ਐਕਟ ਅਤੇ ਕ੍ਰਿਮੀਨਲ ਕੋਡ ਆਫ਼ ਕੈਨੇਡਾ ਦੇ ਅਪਰਾਧਾਂ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਸਬੂਤਾਂ ਨੂੰ ਜ਼ਬਤ ਕੀਤਾ ਗਿਆ ਸੀ। ਇਹ ਸੀ. ਬੀ. ਐੱਸ. ਏ. ਵੱਲੋਂ ਇਕ ਬਿਆਨ ਵਿਚ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਨਹੀਂ ਰੁਕ ਰਹੀ ਗੈਂਗਵਾਰ, ਇਕ ਹੋਰ ਪੰਜਾਬੀ ਦਾ ਕਤਲ

ਅਗਸਤ 2019 ਵਿਚ ਏਬਲ ਪ੍ਰੋਫੈਸ਼ਨਲ ਸਰਵਿਸਿਜ਼ ਲਿਮਟਡ ਦੇ ਮਨਜੀਤ ਸਿੰਘ ਪਿਆਸਾ ਉੱਤੇ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਉਸ ਤੇ ਧੋਖਾਧੜੀ ਦੇ ਨਾਲ 6 ਦੋਸ਼ਾਂ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਆਸਾ ਨੇ 2 ਦਸੰਬਰ, 2020 ਨੂੰ ਆਪਣਾ ਜੁਰਮ ਕਬੂਲ ਕਰ ਲਿਆ ਅਤੇ 18 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ 4,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਪਿਆਸਾ ਨੂੰ ਪੀੜਤਾਂ ਨੂੰ 6,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। ਸੀ. ਬੀ. ਐੱਸ. ਏ. ਦਾ ਕਹਿਣਾ ਹੈ ਕਿ ਜਨਵਰੀ 2011 ਤੋਂ ਮਈ 2019 ਵਿਚਕਾਰ ਪਿਆਸਾ ਨੇ 150 ਤੋਂ ਵੱਧ ਜਣਿਆਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕੀਤੀਆਂ ਸਨ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ

Lalita Mam

This news is Content Editor Lalita Mam