ਇੰਮੀਗ੍ਰੇਸ਼ਨ ਬਲਬੂਤੇ ਕੈਨੇਡਾ ਦੀ ਆਬਾਦੀ ਪਾਰ ਕਰ ਸਕਦੀ ਹੈ ਸਾਢੇ ਪੰਜ ਕਰੋੜ ਦਾ ਅੰਕੜਾ

09/20/2019 3:15:11 PM

ਟੋਰਾਂਟੋ (ਏਜੰਸੀ)- ਦੁਨੀਆ ਦੇ ਵਿਕਸਿਤ ਮੁਲਕਾਂ ਵਿਚ ਆਉਂਦੇ 50 ਸਾਲ ਦੌਰਾਨ ਆਬਾਦੀ ਘਟਣ ਦੇ ਆਸਾਰ ਨਜ਼ਰ ਆ ਰਹੇ ਹਨ ਪਰ ਕੈਨੇਡਾ ਵਿਚ ਇੰਮੀਗ੍ਰੇਸ਼ਨ ਦੇ ਬਲਬੂਤੇ ਪੰਜ ਦਹਾਕਿਆਂ ਮਗਰੋਂ ਇਥੋਂ ਦੀ ਆਬਾਦੀ ਸਾਢੇ ਪੰਜ ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ਇਹ ਪ੍ਰਗਟਾਵਾ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਵਿਚ ਕੀਤਾ ਗਿਆ ਹੈ, ਜਿਨ੍ਹਾਂ ਮੁਤਾਬਕ 2018 ਵਿਚ 3 ਕਰੋੜ 71 ਲੱਖ ਲੋਕ ਕੈਨੇਡਾ ਵਿਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਆਬਾਦੀ ਵਧਣ ਦੇ ਮਾਮਲੇ ਵਿਚ ਓਨਟਾਰੀਓ ਅਤੇ ਐਲਬਰਟਾ ਸਾਰੇ ਰਾਜਾਂ ਨੂੰ ਪਛਾੜ ਦੇਣਗੇ ਜਦੋਂ ਕਿ ਕੁਝ ਰਾਜਾਂ ਵਿਚ ਆਉਂਦੇ 25 ਸਾਲ ਦੌਰਾਨ ਆਬਾਦੀ ਘੱਟਣ ਦਾ ਰੁਝਾਨ ਵੀ ਸ਼ੁਰੂ ਹੋ ਸਕਦਾ ਹੈ।

ਇਕ ਅੰਦਾਜ਼ੇ ਮੁਤਾਬਕ ਢਾਈ ਦਹਾਕਿਆਂ ਵਿਚ ਓਨਟਾਰੀਓ ਦੀ ਆਬਾਦੀ 2 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। 2018 ਵਿਚ 1 ਕਰੋੜ 43 ਲੱਖ ਲੋਕ ਓਨਟਾਰੀਓ ਵਿਚ ਰਹਿ ਰਹੇ ਸਨ। ਕਈ ਕਾਰਨਾਂ ਕਰਕੇ ਵਸੋਂ ਵੱਧਣ ਦੇ ਮਾਮਲੇ ਵਿਚ ਐਲਬਰਟਾ, ਬ੍ਰਿਟਿਸ਼ ਕੋਲੰਬੀਆ ਨੂੰ ਪਛਾੜ ਦੇਵੇਗਾ। ਦੂਜੇ ਪਾਸੇ ਮੈਨੀਟੋਬਾ ਅਤੇ ਸਸਕੈਚੇਵਨ ਸੂਬਿਆਂ ਵਿਚ ਵੀ ਆਉਂਦੇ 25 ਵਰ੍ਹਿਆਂ ਦੌਰਾਨ ਆਬਾਦੀ ਵਿਚ ਵਾਧਾ ਜਾਰੀ ਰਹੇਗਾ ਅਤੇ ਦੋਹਾਂ ਰਾਜਾਂ ਦੀ ਕੁਲ ਆਬਾਦੀ ਕਿਊਬਿਕ ਤੋਂ ਵਧ ਜਾਵੇਗੀ। 2018 ਵਿਚ ਕੈਨੇਡਾ ਦੀ ਕੁਲ ਆਬਾਦੀ ਦਾ 22.3 ਫੀਸਦੀ ਲੋਕ ਕਿਊਬਿਕ ਵਿਚ ਰਹਿ ਰਹੇ ਸਨ ਪਰ 2043 ਤੱਕ ਕਿਊਬਿਕ ਦੀ ਵਸੋਂ ਕੈਨੇਡਾ ਦੀ ਕੁਲ ਵਸੋਂ ਦਾ 20 ਫੀਸਦੀ ਰਹਿ ਜਾਵੇਗੀ। ਐਟਲਾਂਟਿਕ ਕੈਨੇਡਾ ਦੇ ਰਾਜਾਂ ਵਿਚ ਆਉਂਦੇ 25 ਸਾਲ ਦੌਰਾਨ ਆਬਾਦੀ ਸਥਿਰ ਰਹਿਣ ਜਾਂ ਇਸ ਵਿਚ ਕਮੀ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਸੇ ਦਰਮਿਆਨ ਕੈਨੇਡਾ ਦੇ ਤਿੰਨ ਟੈਰੋਟਰੀਜ਼ ਦੀ ਆਬਾਦੀ ਵਿਚ ਵਾਧਾ ਜਾਰੀ ਰਹਿਣ ਦੇ ਆਸਾਰ ਹਨ।

Sunny Mehra

This news is Content Editor Sunny Mehra