ਇਟਲੀ 'ਚ ਪ੍ਰਵਾਸੀਆਂ ਨੂੰ 'ਗੋ ਬੈਕ ਹੋਮ' ਕਹਿਣਾ 'ਨਸਲਵਾਦ'

07/16/2018 1:47:17 PM

ਰੋਮ,(ਦਲਵੀਰ ਕੈਂਥ)— ਨਸਲੀ ਭੇਦਭਾਵ ਪੂਰੀ ਦੁਨੀਆ ਵਿਚ ਪ੍ਰਵਾਸ ਹੰਢਾਅ ਰਹੇ ਪ੍ਰਵਾਸੀਆਂ ਲਈ ਇਕ ਆਮ ਗੱਲ ਹੈ। ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ 'ਚ ਵੀ ਪ੍ਰਵਾਸੀਆਂ ਨਾਲ ਨਸਲੀ ਭੇਦਭਾਵ ਹੁੰਦਾ ਹੈ, ਜਿਸ ਦੀਆਂ ਅਨੇਕਾਂ ਉਦਾਹਰਣਾਂ ਹਨ। ਪੂਰੇ ਯੂਰਪ ਵਿਚ ਨਸਲਵਾਦ ਹਾਵੀ ਹੈ, ਜਿਸ ਕਾਰਨ ਯੂਰਪੀਅਨ ਦੇਸ਼ਾਂ ਵਿਚ ਬਾਹਰੋਂ ਆ ਰਹੇ ਵਿਦੇਸ਼ੀਆਂ ਨੂੰ ਇਸ ਭੇਦਭਾਵ ਕਾਰਨ ਕਈ ਤਰ੍ਹਾਂ ਦੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਟਲੀ ਵਿਚ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ-ਨਾਲ ਭਾਰਤੀ ਲੋਕ ਵੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਹਨ। ਨਸਲੀ ਭੇਦਭਾਵ ਕਾਰਨ ਹੀ ਪ੍ਰਵਾਸੀਆਂ ਨੂੰ 'ਗੋ ਬੈਕ ਹੋਮ' ਭਾਵ 'ਵਾਪਸ ਘਰ ਜਾਓ' ਸੁਣਨ ਦੇ ਨਾਲ ਕਈ ਤਰ੍ਹਾਂ ਦੀ ਮਾਨਸਿਕ ਅਤੇ ਸਰੀਰਕ ਪੀੜਾ ਝੱਲਣੀ ਪੈਂਦੀ ਹੈ।
ਇਟਲੀ ਦੀ ਰਾਜਧਾਨੀ ਰੋਮ ਦੀ ਇਕ ਉੱਚ ਅਦਾਲਤ 'ਕੋਰਟ ਆਫ਼ ਕਾਸੇਸ਼ਨ' ਨੇ ਇਸ ਮਾਮਲੇ ਨੂੰ ਲੈ ਕੇ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਪ੍ਰਵਾਸੀਆਂ ਨੂੰ 'ਘਰ ਵਾਪਸ ਜਾਓ' ਕਹਿਣਾ ਨਸਲਵਾਦ ਹੈ, ਜਿਸ ਨੂੰ ਰੋਕਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਗੈਰ-ਯੂਰਪੀਅਨ ਲੋਕਾਂ ਨੂੰ ਦੇਸ਼ ਛੱਡਣ ਲਈ ਕਹਿਣਾ ਕਾਨੂੰਨ ਮੁਤਾਬਕ ਨਸਲੀ ਭੇਦਭਾਵ ਹੈ। 'ਕੋਰਟ ਆਫ਼ ਕਾਸੇਸ਼ਨ' ਵਿਚ ਆਏ ਇਕ ਮਾਮਲੇ 'ਚ ਇਕ 40 ਸਾਲਾ ਵਿਅਕਤੀ ਨੇ ਉਸ ਨੂੰ ਮਿਲੀ ਸਜ਼ਾ ਵਿਚ ਕਮੀ ਦੀ ਅਪੀਲ ਕੀਤੀ ਸੀ, ਜਿਹੜੀ ਕਿ ਕਿਸੇ ਹੋਰ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ 'ਚ ਉਕਤ ਵਿਅਕਤੀ ਨੂੰ ਮਿਲੀ ਸੀ। ਇਸ ਲੜਾਈ ਨੂੰ ਨਸਲੀ ਹਮਲੇ ਵਜੋਂ ਦੇਖਦਿਆਂ ਅਦਾਲਤ ਨੇ ਸਜ਼ਾ 'ਚ ਵਾਧਾ ਕੀਤਾ। ਇਹ ਘਟਨਾ ਇਟਲੀ ਦੇ ਗੈਲਾਰੇਟ ਸ਼ਹਿਰ ਦੇ ਇਕ ਕਲੱਬ ਦੀ ਹੈ, ਜਿੱਥੇ ਇਕ ਇਟਾਲੀਅਨ ਨੇ ਗੈਰ-ਇਟਾਲੀਅਨ  ਵਿਅਕਤੀ ਨੂੰ ਝਗੜੇ ਮਗਰੋਂ ਕਿਹਾ, ''ਤੁਸੀਂ ਇੱਥੇ ਕਿਉਂ ਹੋ, ਤੁਹਾਨੂੰ ਆਪਣੇ ਘਰ ਜਾਣਾ ਚਾਹੀਦਾ ਹੈ।'' 
ਭਾਵੇਂ ਕਿ ਸੰਬੰਧਤ ਇਟਾਲੀਅਨ ਵਿਅਕਤੀ ਅਨੁਸਾਰ ਉਸ ਦੀਆਂ ਟਿਪਣੀਆਂ ਲੜਾਈ ਦਾ ਕਾਰਨ ਨਹੀਂ ਸਨ ਪਰ ਰੋਮ ਦੀ ਅਦਾਲਤ ਨੇ ਇਹ ਪਾਇਆ ਕਿ ਵਿਦੇਸ਼ੀ ਲੋਕਾਂ ਪ੍ਰਤੀ ਨਫਰਤ ਦੇ ਆਮ ਪ੍ਰਗਟਾਵੇ ਜੋ ਕਿ ਨਸਲੀ ਜਾਂ ਧਾਰਮਿਕ ਪਿਛੋਕੜ ਦੇ ਆਧਾਰ 'ਤੇ ਕੀਤੇ ਜਾਂਦੇ ਹਨ, ਦਾ ਇਸਤੇਮਾਲ ਨਸਲਵਾਦ ਦੇ ਬਰਾਬਰ ਹੈ। ਇਟਲੀ ਦੀ ਨਵੀਂ ਸਰਕਾਰ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਜਿਨ੍ਹਾਂ ਨੂੰ ਘੱਟ ਗਿਣਤੀ ਅਤੇ ਪ੍ਰਵਾਸੀਆਂ ਪ੍ਰਤੀ ਭੜਕਾਊ ਬਿਆਨ ਦੇਣ ਵਾਲੇ ਆਗੂ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਆਪਣੇ ਫੇਸਬੁੱਕ ਪੇਜ 'ਤੇ 'ਘਰ ਜਾਓ, ਘਰ ਜਾਓ' ਲਿਖ ਕੇ ਪ੍ਰਤੀਕਿਰਿਆ ਵੀ ਦਿੱਤੀ। ਹਾਲ ਹੀ ਦੇ ਮਹੀਨਿਆਂ 'ਚ ਇਟਲੀ ਵਿਚ ਕਈ ਨਸਲੀ-ਪ੍ਰੇਰਿਤ ਹਮਲਿਆਂ ਦਾ ਪ੍ਰਵਾਸੀਆਂ ਨੂੰ ਸਾਹਮਣਾ ਕਰਨਾ ਪਿਆ।