ਬ੍ਰਿਸਬੇਨ 'ਚ ਦੂਸਰੇ ਪਰਵਾਸੀ ਕਾਵਿ ਸੰਮੇਲਨ 'ਚ ਰੁਪਿੰਦਰ ਸੋਜ਼ ਦੀ ਪੁਸਤਕ 'ਸੰਨਾਟਾ ਬੋਲਦਾ' ਲੋਕ ਅਰਪਣ ਹੋਈ

05/06/2018 10:22:02 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਸਰਗਰਮੀਆਂ ਲਈ ਜਾਣਿਆ ਜਾਂਦਾ ਹੈ । ਇਸ ਸਾਹਿਤਕ ਪ੍ਰਵਾਹ ਦੇ ਇਕ ਹੋਰ ਮੁਕਾਮ ਤਹਿਤ ਇਸ ਸਾਲ ਦੂਸਰਾ ਪਰਵਾਸੀ ਕਾਵਿ ਸੰਮੇਲਨ 2018 ਬ੍ਰਿਸਬੇਨ ਸ਼ਹਿਰ ਦੇ ਕੈਂਗਰੂ ਪੁਆਇੰਟ ਵਿਚ ਪੈਂਦੇ ਅਤਿ ਆਧੁਨਿਕ ਮਲਟੀਕਲਚਰਲ ਥੀਏਟਰ ਵਿਚ ਆਯੋਜਿਤ ਕੀਤਾ ਗਿਆ । ਇਹ ਸਮਾਗਮ ਸਮਾਜ ਸੇਵੀ ਅਤੇ ਸ਼ਾਇਰਾ ਸ੍ਰੀਮਤੀ ਸੋਮਾ ਨਾਇਰ ਦੀ ਅਗਵਾਈ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਗਿਆ ਹੈ । ਇਸ ਸਮਾਗਮ ਵਿਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਮਵਰ ਪੰਜਾਬੀ, ਹਿੰਦੀ ਅਤੇ ਉਰਦੂ ਦੇ ਕਵੀਆਂ ਅਤੇ ਕਵਿੱਤਰੀਆਂ ਨੇ ਸ਼ਿਰਕਤ ਕੀਤੀ । ਜਿਨ੍ਹਾਂ ਵਿਚ ਸਰਬਜੀਤ ਸੋਹੀ, ਰੁਪਿੰਦਰ ਸੋਜ਼, ਜਸਵੰਤ ਵਾਗਲਾ, ਕਵਿਤਾ ਖੁੱਲਰ, ਮਧੂ ਖੰਨਾ, ਗੁਰਮੀਤ ਕੌਰ ਸੰਧਾ, ਅਨੁਰਾਗ ਗੁਪਤਾ, ਡਾ ਬ੍ਰਿਜ ਦੇਸ਼ਪਾਂਡੇ, ਡਾ ਚਿਤਰਾ ਦੇਸ਼ਪਾਂਡੇ, ਡਾ ਨੀਰਜ ਖੰਨਾ, ਮਾਹਿਬ ਖੰਨਾ, ਸੋਮਾ ਨਾਇਰ, ਅਜੈ ਕੁਮਾਰ, ਪੁਨੀਤ, ਰਮਨਪ੍ਰੀਤ ਕੌਰ, ਸ੍ਰੀਮਤੀ ਨੀਤੂ, ਨੇਤਰਪਾਲ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ । 
ਇਸ ਪਰਵਾਸੀ ਕਾਵਿ ਸੰਮੇਲਨ ਦੇ ਸਹਿਯੋਗੀਆਂ ਵਿਚ ਹੋਰਨਾਂ ਸੰਸਥਾਵਾਂ ਤੋਂ ਇਲਾਵਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਅਤੇ ਪੈਰਾਮਾਊਂਟ ਈਵੈਂਟ ਐਂਡ ਪ੍ਰੋਡਕਸ਼ਨ ਨੇ ਵਿਸ਼ੇਸ਼ ਰੂਪ ਵਿਚ ਸਹਿਯੋਗ ਪ੍ਰਦਾਨ ਕੀਤਾ ।ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਭਾਰਤੀ ਲੋਕਾਂ ਦੇ ਭਾਈਚਾਰਿਕ ਪ੍ਰੇਮ ਅਤੇ ਸਦਭਾਵਨਾ ਨੂੰ ਬੜਾਵਾ ਦੇਣ ਲਈ ਬਹੁ-ਭਾਸ਼ਾਈ ਸਾਹਿਤਕ ਇਕੱਤਰਤਾਵਾਂ ਦੀ ਬਹੁਤ ਮਹੱਤਤਾ ਹੈ । ਇਸ ਸਮਾਗਮ ਦੀ ਸਫਲਤਾ ਲਈ ਪੱਤਰਕਾਰ ਭਾਈਚਾਰੇ ਅਤੇ ਸਮਾਜ ਸੇਵੀ ਹਸਤੀਆਂ ਦਾ ਰੋਲ ਬਹੁਤ ਹੀ ਸ਼ਲਾਘਾਯੋਗ ਰਿਹਾ। ਅਜਿਹੀਆਂ ਸਰਗਰਮੀਆਂ ਪਰਵਾਸੀ ਭਾਰਤੀਆਂ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਆਪਣੀਆਂ ਸਭਿਆਚਾਰਕ ਜੜ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ । ਇਸ ਮੌਕੇ ਮੈਡੀਕਲ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਭਾਰਤੀ ਹਸਤੀਆਂ ਡਾਕਟਰ ਅਜੇ ਭੱਲਾ, ਡਾ. ਸੰਦੀਪ ਚਾਂਦ, ਡਾ. ਅਲਕਾ ਕੁਠਾਰੀ, ਡਾ. ਵਿਕਾਸ ਮੌਦਗਿੱਲ, ਡਾ. ਤਾਨਿਆ ਊਨੀ, ਡਾ. ਰਾਜੀਵ ਗਾਂਧੀ, ਡਾ. ਜਸਪਾਲ ਪੁਰੀ, ਡਾ. ਰਾਹੁਲ ਮਹਾਨ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਭਾਰਤੀ ਆਨਰੇਰੀ ਕੌਂਸਲੇਟ ਸ੍ਰੀਮਤੀ ਅਰਚਨਾ ਸਿੰਘ, ਪ੍ਰਸਿੱਧ ਭਾਰਤੀ ਇਤਿਹਾਸਕਾਰ ਪ੍ਰੋ. ਸਰਵਦਮਨ ਸਿੰਘ, ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾਏ, ਡਾ ਫਰਨਾਡੇਜ਼, ਸ੍ਰੀ ਉਮੇਸ਼ ਚੰਦਰਾ ਅਤੇ ਹੋਰ ਵੀ ਕਵੀ, ਕਵਿੱਤਰੀਆਂ, ਸਮਾਜਸੇਵੀ, ਬੁੱਧੀਜੀਵੀ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਸ਼ਖਸ਼ੀਅਤਾਂ ਹਾਜ਼ਰ  ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਨੀਰਜ ਖੰਨਾ ਅਤੇ ਸੰਧਿਆ ਜੀ ਵੱਲੋਂ ਬਾਖੂਬੀ ਨਿਭਾਈ ਗਈ ।