ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਬਾਰੇ ਪਾਕਿਸਤਾਨੀ ਵਕੀਲ ਨੇ ਕੀਤਾ ਇਹ ਦਾਅਵਾ

05/29/2017 7:20:06 PM

ਇਸਲਾਮਾਬਾਦ— ਕੌਮਾਂਤਰੀ ਨਿਆਂ ਅਦਾਲਤ (ਆਈ. ਸੀ. ਜੇ.) 'ਚ ਪਾਕਿਸਤਾਨ ਦੀ ਅਗਵਾਈ ਕਰ ਰਹੇ ਵਕੀਲ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਨੂੰ ਲੈ ਕੇ ਹੈਰਾਨੀਜਨਕ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਮੌਤ ਦੀ ਸਜ਼ਾ ਸੁਣਾਏ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਆਈ. ਸੀ. ਜੇ. ਨਾ ਤਾਂ ਉਸ ਨੂੰ ਦੋਸ਼ ਮੁਕਤ ਕਰੇਗਾ ਅਤੇ ਨਾ ਹੀ ਰਿਹਾਅ ਕਰੇਗਾ। ਉਨ੍ਹਾਂ ਇਸ ਦੇ ਨਾਲ ਕਿਹਾ ਕਿ ਭਾਰਤ ਨੇ ਇਸ ਮਾਮਲੇ ਵਿਚ ਗਲਤ ਤਰੀਕੇ ਨਾਲ ਜਿੱਤ ਦਾ ਦਾਅਵਾ ਕੀਤਾ ਹੈ। 
ਖਾਵਰ ਕੁਰੈਸ਼ੀ ਨੇ ਅਟਾਰਨੀ ਜਨਰਲ ਅਸ਼ਤਾਰ ਔਸਫ ਅਲੀ ਨਾਲ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਕਿ ਜਾਧਵ ਮਾਮਲਾ ਬਹੁਤ ਸਪੱਸ਼ਟ ਮਾਮਲਾ ਹੈ। ਉਹ ਨਾ ਤਾਂ ਰਿਹਾਅ ਹੋ ਸਕਦਾ ਹੈ ਅਤੇ ਨਾ ਹੀ ਬਰੀ ਹੋ ਸਕਦਾ ਹੈ।'' 
ਬ੍ਰਿਟੇਨ ਰਹਿ ਰਹੇ ਇਕ ਵਕੀਲ ਨੇ ਕਿਹਾ ਕਿ ਹੇਗ ਸਥਿਤ ਕੌਮਾਂਤਰੀ ਅਦਾਲਤ ਵਲੋਂ ਜਾਧਵ ਨੂੰ ਫਾਂਸੀ ਦੀ ਸਜ਼ਾ 'ਤੇ ਅਸਥਾਈ ਰੂਪ ਨਾਲ ਰੋਕ ਲਾਉਣ ਤੋਂ ਬਾਅਦ ਭਾਰਤ ਨੇ ਗਲਤ ਤਰੀਕੇ ਨਾਲ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਮਾਮਲਾ ਕਾਨੂੰਨ ਤੋਂ ਜ਼ਿਆਦਾ ਰਾਜਨੀਤਕ ਵਾਹ-ਵਾਹ ਲੁੱਟਣ ਵਾਲਾ ਹੈ। ਦੱਸਣ ਯੋਗ ਹੈ ਕਿ ਜਾਧਵ ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਦੇਸ਼ ਵਿਰੁੱਧ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਸੀ। ਆਈ. ਸੀ. ਜੇ. ਨੇ 18 ਮਈ ਨੂੰ ਜਾਧਵ ਨੂੰ ਫਾਂਸੀ ਦੇਣ 'ਤੇ ਰੋਕ ਲਾ ਦਿੱਤੀ ਸੀ।