ਪਾਕਿਸਤਾਨ ਨੇ ਵਾਰ ਮਿਊਜ਼ੀਅਮ 'ਚ ਲਾਇਆ ਵਿੰਗ ਕਮਾਂਡਰ ਅਭਿਨੰਦਨ ਦਾ ਪੁਤਲਾ

11/11/2019 2:17:15 PM

ਇਸਲਾਮਾਬਾਦ— ਵਿੰਗ ਕਮਾਂਡਰ ਅਭਿਨੰਦਰਨ ਦੇ ਪੁਤਲੇ ਦੇ ਰਾਹੀਂ ਭਾਰਤ ਦੇ ਖਿਲਾਫ ਗਲਤ ਪ੍ਰਚਾਰ ਕਰਨ ਲਈ ਪਾਕਿਸਤਾਨ ਇਕ ਨਵੀਂ ਚਾਲ ਚੱਲੀ ਹੈ। ਉਸ ਨੇ ਆਪਣੇ ਵਾਰ ਮਿਊਜ਼ੀਅਮ 'ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਪੁਤਲਾ ਇਕ ਕੱਚ ਦੇ ਬਕਸੇ 'ਚ ਰੱਖਿਆ ਹੋਇਆ ਹੈ। ਪਾਕਿਸਤਾਨੀ ਫੌਜ ਇਸ ਨੂੰ ਭਾਰਤ ਤੇ ਮਿਲੀ ਬੜਤ ਤੇ ਆਪਣੇ ਮਾਣ ਭਰੇ ਕੰਮ ਦੇ ਰੂਪ 'ਚ ਪ੍ਰਦਰਸ਼ਿਤ ਕਰ ਰਿਹਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਭਿਨੰਦਨ ਦੇ ਪੁਤਲੇ ਦੇ ਨਾਲ ਪਾਕਿਸਤਾਨ ਨੇ ਹੋਰ ਕੀ ਰੱਖਿਆ ਹੋਵੇਗਾ। ਇਥੇ ਇਕ ਕੱਪ ਰੱਖਿਆ ਗਿਆ ਹੈ, ਜਿਸ 'ਚ ਅਭਿਨੰਦਨ ਨੇ ਚਾਹ ਪੀਤੀ ਸੀ।

ਦੱਸ ਦਈਏ ਕਿ ਇਸੇ ਸਾਲ ਫਰਵਰੀ 'ਚ ਭਾਰਤੀ ਹਵਾਈ ਫੌਜ ਨੇ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਜ਼ਿੰਮੇਦਾਰ ਸੰਗਠਨ ਜੈਸ਼ ਦੇ ਬਾਲਾਕੋਟ ਸਥਿਤ ਟਿਕਾਣੇ 'ਤੇ ਹਵਾਈ ਹਮਲਾ ਕੀਤਾ ਸੀ। ਇਸ ਦੇ ਅਗਲੇ ਦਿਨ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਭਾਰਤੀ ਸਰਹੱਦ 'ਚ ਦਾਖਲ ਹੋਣ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਿੰਗ ਕਮਾਂਡਰ ਅਭਿਨੰਦਨ ਨੇ ਮਿਗ-21 ਬਾਇਸਨ ਜਹਾਜ਼ ਨਾਲ ਨਾ ਸਿਰਫ ਪਾਕਿਸਤਾਨੀ ਜਹਾਜ਼ਾਂ ਨੂੰ ਪਿੱਛੇ ਧਕੇਲ ਦਿੱਤਾ ਸੀ, ਬਲਕਿ ਇਕ ਐੱਫ-16 ਜਹਾਜ਼ ਵੀ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ 'ਚ ਦਾਖਲ ਹੋ ਗਏ ਸਨ। ਉਥੇ ਉਨ੍ਹਾਂ ਦਾ ਮਿਗ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਉਨ੍ਹਾਂ ਨੂੰ ਫੜ ਲਿਆ ਗਿਆ ਸੀ।

ਬਾਅਦ 'ਚ ਭਾਰਤ ਦੇ ਤਿੱਖੇ ਤੇਵਰ ਨੂੰ ਦੇਖਦੇ ਹੋਏ ਤੇ ਅੰਤਰਰਾਸ਼ਟਰੀ ਪੱਧਰ 'ਤੇ ਵਧਦੇ ਤਣਾਅ ਦੇ ਵਿਚਾਲੇ ਪਾਕਿਸਤਾਨ ਨੂੰ ਅਭਿਨੰਦਨ ਨੂੰ ਭਾਰਤ ਹਵਾਲੇ ਕਰਨਾ ਪਿਆ। ਪਾਕਿਸਤਾਨੀ ਪੱਤਰਕਾਰ ਅਨਵਰ ਲੋਧੀ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਪੁਤਲੇ ਦਾ ਫੋਟੋ ਟਵਿੱਟਰ 'ਤੇ ਪੋਸਟ ਕੀਤਾ ਹੈ। ਲੋਧੀ ਨੇ ਪਾਕਿਸਤਾਨੀ ਫੌਜ ਦੀ ਹਰਕਤ 'ਤੇ ਚੁੱਟਕੀ ਲੈਂਦਿਆਂ ਕਿਹਾ ਕਿ ਇਸ ਪੁਤਲੇ ਤੋਂ ਮਿਲਿਆ ਸੰਦੇਸ਼ ਹੋਰ ਬਿਹਤਰ ਹੁੰਦਾ ਜੇਕਰ ਉਨ੍ਹਾਂ ਦੇ ਹੱਥ 'ਚ ਇਕ ਚਾਹ ਦਾ ਪਿਆਲਾ ਵੀ ਦੇ ਦਿੱਤਾ ਜਾਂਦਾ।

ਫਰਵਰੀ 'ਚ ਅਭਿਨੰਦਨ ਦੀ ਪਾਕਿਸਤਾਨ 'ਚ ਹਿਰਾਸਤ ਦਾ ਜੋ ਵੀਡੀਓ ਪਾਕਿਸਤਾਨੀ ਫੌਜ ਨੇ ਜਾਰੀ ਕੀਤਾ ਸੀ, ਉਸ 'ਚ ਉਨ੍ਹਾਂ ਨੂੰ ਚਾਹ ਪੀਂਦੇ ਦਿਖਾਇਆ ਗਿਆ ਸੀ। ਇਕ ਮੌਕੇ 'ਤੇ ਅਭਿਨੰਦਨ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਸਨ ਕਿ ਚਾਹ ਸ਼ਾਨਦਾਰ ਹੈ, ਧੰਨਵਾਦ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।

Baljit Singh

This news is Content Editor Baljit Singh