ਮੇਰੇ ਕੋਲ ਬ੍ਰਿਟੇਨ ਦੀ ਅਦਾਲਤ ਦਾ ਜੁਰਮਾਨਾ ਭਰਨ ਲਈ ਪੈਸਾ ਨਹੀਂ ਹੈ : ਨੀਰਵ ਮੋਦੀ

03/11/2023 10:39:17 AM

ਲੰਡਨ (ਭਾਸ਼ਾ)- ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਪੈਸਾ ਨਹੀਂ ਹੈ ਅਤੇ 1,50,000 ਪੌਂਡ ਤੋਂ ਵੱਧ ਦੀ ਰਾਸ਼ੀ ਦਾ ਜੁਰਮਾਨਾ ਭਰਨ ਲਈ ਉਸ ਨੂੰ ਪੈਸਾ ਉਧਾਰ ਲੈਣਾ ਪੈ ਰਿਹਾ ਹੈ। ਨੀਰਵ ਮੌਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਭਾਰਤ ਵਿਚ ਲੋੜੀਂਦਾ ਹੈ। ਨੀਰਵ ਮੋਦੀ (52) ਪਿਛਲੇ ਸਾਲ ਅੰਦਾਜ਼ਨ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਕਰਜ਼ ਘੁਟਾਲਾ ਮਾਮਲੇ ਵਿਚ ਭਾਰਤ ਹਵਾਲੇ ਕੀਤੇ ਜਾਣ ਖ਼ਿਲਾਫ਼ ਬ੍ਰਿਟੇਨ ਦੀ ਸਰਵਉੱਚ ਅਦਾਲਤ ਵਿਚ ਆਪਣੀ ਕਾਨੂੰਨੀ ਲੜਾਈ ਹਾਰ ਗਿਆ ਸੀ। ਇਸ ਸਮੇਂ ਨੀਰਵ ਦੱਖਣ-ਪੱਛਮੀ ਲੰਡਨ ਵਿਚ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ, ਜਿੱਥੋਂ ਉਹ ਵੀਰਵਾਰ ਨੂੰ ਪੂਰਬੀ ਲੰਡਨ ਵਿਚ ਬਾਰਕਿੰਗਸਾਈਡ ਮੈਜਿਸਟ੍ਰੇਟ ਦੀ ਅਦਾਲਤ ਵਿਚ ਸੁਣਵਾਈ ਲਈ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ।

ਲੰਡਨ ਦੀ ਹਾਈ ਕੋਰਟ ਨੇ ਉਸ ਨੂੰ ਆਪਣੀ ਹਵਾਲਗੀ ਦੀ ਅਪੀਲ ਲਈ ਲਾਗਤ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ, ਜੋ ਹੁਣ ਤੱਕ ਬਕਾਇਆ ਹੈ। ਅਧਿਕਾਰੀਆਂ ਮੁਤਾਬਕ ਅਦਾਲਤੀ ਜੁਰਮਾਨੇ ਲਈ ਇਕ ਪ੍ਰਕਿਰਿਆਤਮਕ ਸੁਣਵਾਈ ਵਿਚ ਮੈਜਿਸਟ੍ਰੇਟ ਨੇ 6 ਮਹੀਨੇ ਵਿਚ ਹੋਣ ਵਾਲੀ ਸਮੀਖਿਆ ਸੁਣਵਾਈ ਤੋਂ ਇਕ ਮਹੀਨਾ ਪਹਿਲਾਂ 10,000 ਪੌਂਡ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੱਤੀ। ਇਹ ਪੁੱਛੇ ਜਾਣ 'ਤੇ ਕਿ ਉਹ ਰਾਸ਼ੀ ਦਾ ਪ੍ਰਬੰਧ ਕਿਵੇਂ ਕਰਨਾ ਚਾਹੁੰਦਾ ਹੈ। ਨੀਰਵ ਨੇ ਅਦਾਲਤ ਨੂੰ ਦੱਸਿਆ ਕਿ ਉਹ ਪੈਸੇ ਉਧਾਰ ਲੈ ਰਿਹਾ ਹੈ, ਕਿਉਂਕਿ ਉਸ ਕੋਲ ਲੋੜੀਂਦਾ ਫੰਡ ਨਹੀਂ ਹੈ ਅਤੇ ਹਵਾਲਗੀ ਦੀ ਕਾਰਵਾਈ ਦੌਰਾਨ ਭਾਰਤ ਵਿਚ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ।
 

cherry

This news is Content Editor cherry