ਕੋਰੋਨਾ ਰੋਗੀਆਂ ਦੇ ਇਲਾਜ ''ਚ ਹਾਈਡ੍ਰਾਕਸੀਕਲੋਰੋਕੀਨ ਦਵਾਈ ਆਪਣਾ ਅਸਰ ਦਿਖਾਉਣ ''ਚ ਰਹੀ ਨਾਕਾਮ

06/07/2020 12:56:38 AM

ਵਾਸ਼ਿੰਗਟਨ - ਸਾਇੰਸਦਾਨਾਂ ਨੇ ਪਾਇਆ ਹੈ ਕਿ ਕੋਵਿਡ-19 ਦੇ ਰੋਗੀਆਂ ਦੇ ਇਲਾਜ ਦੌਰਾਨ ਐਂਟੀਬਾਇਓਟਿਕ ਏਜ਼ੀਥ੍ਰੋਮਾਇਸੀਨ ਦੇ ਨਾਲ ਅਤੇ ਇਸ ਦੇ ਬਿਨਾਂ ਹਾਈਡ੍ਰਾਕਸੀਕਲੋਰੋਕੀਨ ਦਵਾਈ ਦੇ ਇਸਤੇਮਾਲ ਨਾਲ ਨਾ ਤਾਂ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਭੇਜਣ ਦਾ ਖਤਰਾ ਘੱਟ ਹੋਇਆ ਅਤੇ ਨਾ ਹੀ ਜਾਨ ਦੇ ਖਤਰੇ ਵਿਚ ਕਮੀ ਆਈ ਹੈ। 'ਮੇਡ' ਨਾਂ ਦੇ ਜਨਰਲ ਵਿਚ ਪ੍ਰਕਾਸ਼ਿਤ ਇਹ ਵਿਸ਼ਲੇਸ਼ਣ, ਅਮਰੀਕਾ ਵਿਚ ਕੋਵਿਡ-19 ਰੋਗੀਆਂ 'ਤੇ ਹਾਈਡ੍ਰਾਕਸੀ ਕਲੋਰੋਕੀਨ ਦੇ ਪ੍ਰਭਾਵ ਨਾਲ ਜੁੜੇ ਨਤੀਜਿਆਂ 'ਤੇ ਆਧਾਰਿਤ ਪਹਿਲਾ ਵਿਸ਼ਲੇਸ਼ਣ ਹੈ।

ਖੋਜਕਾਰਾਂ ਨੇ ਕਿਹਾ ਕਿ ਹਸਪਤਾਲ ਵਿਚ ਦਾਖਲ ਕੋਵਿਡ-19 ਰੋਗੀਆਂ 'ਤੇ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਕਿ ਹਾਈਡ੍ਰਾਕਸੀਕਲੋਰੋਕੀਨ ਦਵਾਈ, ਐਂਟੀਬਾਇਓਟਿਕ ਏਜ਼ੀਥ੍ਰੋਮਾਇਸੀਨ ਦੇ ਨਾਲ ਅਤੇ ਇਸ ਦੇ ਬਿਨਾਂ ਦਿੱਤੇ ਜਾਣ 'ਤੇ ਨਾ ਤਾਂ ਵੈਂਟੀਲੇਟਰ 'ਤੇ ਜਾਣ ਅਤੇ ਨਾ ਹੀ ਜਾਨ ਦੇ ਖਤਰੇ ਵਿਚ ਕਮੀ ਆਈ ਹੈ। ਇਸ ਖੋਜ ਵਿਚ ਅਮਰੀਕਾ ਦੀ ਯੂਨੀਵਰਸਿਟੀ ਆਫ ਵਰਜ਼ੀਨੀਆ ਸਕੂਲ ਆਫ ਮੈਡੀਸਨ ਦੇ ਸਾਇੰਸਦਾਨ ਵੀ ਸ਼ਾਮਲ ਸਨ। ਸਾਇੰਸਦਾਨਾਂ ਮੁਤਾਬਕ ਦੇਸ਼ ਭਰ ਦੇ ਵੇਟਰੰਸ ਅਫੇਅਰਸ ਮੈਡੀਕਲ ਸੈਂਟਰਾਂ ਵਿਚ ਦਾਖਲ 807 ਕੋਵਿਡ-19 ਪ੍ਰਭਾਵਿਤ ਰੋਗੀਆਂ ਦੇ ਡਾਟਾ ਦਾ ਆਕਲਨ ਕੀਤਾ ਗਿਆ।

ਉਨ੍ਹਾਂ ਅੱਗੇ ਆਖਿਆ ਕਿ ਕਰੀਬ ਅੱਧੇ ਰੋਗੀ ਜਦ ਤੱਕ ਹਸਪਤਾਲ ਵਿਚ ਰਹੇ ਉਦੋਂ ਤੱਕ ਉਨ੍ਹਾਂ ਨੂੰ ਕਦੇ ਵੀ ਹਾਈਡ੍ਰਾਕਸੀਕਲੋਰੋਕੀਨ ਦਵਾਈ ਨਹੀਂ ਦਿੱਤੀ ਗਈ। ਸੋਧ ਵਿਚ ਆਖਿਆ ਗਿਆ ਹੈ ਕਿ 198 ਰੋਗੀਆਂ ਨੂੰ ਹਾਈਡ੍ਰਾਕਸੀਕਲੋਰੋਕੀਨ ਦਵਾਈ ਦਿੱਤੀ ਗਈ ਅਤੇ 214 ਰੋਗੀਆਂ ਨੂੰ ਹਾਈਡ੍ਰਾਕਸੀਕਲੋਰੋਕੀਨ ਅਤੇ ਏਜ਼ੀਥ੍ਰੋਮਾਇਸੀਨ ਦੋਵੇਂ ਦਵਾਈਆਂ ਇਕੱਠੀਆਂ ਦਿੱਤੀਆਂ ਗਈਆਂ। ਸੋਧ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 86 ਫੀਸਦੀ ਰੋਗੀਆਂ ਨੂੰ ਵੈਂਟੀਲੇਟਰ 'ਤੇ ਰੱਖਣ ਤੋਂ ਪਹਿਲਾਂ ਹਾਈਡ੍ਰਾਕਸੀਕਲੋਰੋਕੀਨ ਦਿੱਤੀ ਗਈ ਪਰ ਫਿਰ ਵੀ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਜਾਨ ਦਾ ਖਤਰਾ ਵੀ ਘੱਟ ਨਹੀਂ ਹੋਇਆ।

Khushdeep Jassi

This news is Content Editor Khushdeep Jassi