ਵਿਆਹ ਲਈ ਸਜਾ ਰਹੀ ਸੀ ਸੁਪਨੇ ਪਰ ਘਰ ਪੁੱਜੀ ਮੰਗੇਤਰ ਦੀ ਲਾਸ਼

12/17/2017 2:11:56 PM

ਓਨਟਾਰੀਓ— ਵੀਰਵਾਰ ਨੂੰ ਓਨਟਾਰੀਓ ਦੇ 4 ਵਰਕਰਜ਼ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਆਪਣੇ ਦਿਲ ਦੇ ਦੁੱਖ ਦੱਸਦਿਆਂ ਕਿਹਾ ਕਿ ਉਹ ਚਾਰੋ ਦੋਸਤ ਸਨ। ਉਨ੍ਹਾਂ ਦੀ ਪਛਾਣ 39 ਸਾਲਾ ਜੇਮਸ ਬਾਰੇਗਰ, 27 ਸਾਲਾ ਕਾਇਲੇ ਸ਼ੋਰੋਕ, 26 ਸਾਲਾ ਜੈੱਫ ਹੋਵੇਸ ਅਤੇ 26 ਸਾਲਾ ਡਾਰਸੀ ਜੈਨਸਨ ਦੇ ਨਾਂ ਤੋਂ ਪਛਾਣ ਕੀਤੀ ਗਈ ਹੈ। ਜੈੱਫ ਹੋਵੇਸ ਦੀ ਮੰਗੇਤਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਤੇ ਉਹ ਵਿਆਹ ਲਈ ਸੁਪਨੇ ਸਜਾ ਰਹੇ ਸਨ। ਉਹ ਸੰਗੀਤ ਤੇ ਘੁੰੰਮਣ-ਫਿਰਨ ਦਾ ਬਹੁਤ ਸ਼ੌਕੀਨ ਸੀ। ਵੀਰਵਾਰ ਨੂੰ ਹੋਏ ਹਾਦਸੇ ਨੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। 


ਡਾਰਸੀ ਜੈਨਸਨ ਦੀ ਮਾਂ ਬਰੈਂਡਾ ਜੈਨਸਨ ਨੇ ਦੱਸਿਆ ਕਿ ਉਸ ਦਾ ਪੁੱਤ ਟੈਕਨੀਸ਼ੀਅਨ ਸੀ ਤੇ ਉਹ ਗਿਟਾਰ ਵਜਾਉਣ ਦਾ ਸ਼ੌਕੀਨ ਸੀ। ਉਸ ਨੇ ਪਿਛਲੇ ਸਾਲ ਹੀ ਨਵਾਂ ਘਰ ਲਿਆ ਸੀ, ਜਿੱਥੇ ਉਹ ਆਪਣੀ ਪ੍ਰੇਮਿਕਾ ਨਾਲ ਰਹਿੰਦਾ ਸੀ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਹ ਕਦੇ ਵੀ ਭੁੱਲ ਨਹੀਂ ਸਕਦੇ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਨਾਲ ਹੀ ਸਮਾਂ ਬਤੀਤ ਕਰ ਰਹੇ ਹਨ।