ਆਸਟ੍ਰੇਲੀਆ 'ਚ ਪੰਜਾਬਣ ਦੇ ਕਤਲ ਦੇ ਦੋਸ਼ 'ਚ ਪਤੀ ਗ੍ਰਿਫਤਾਰ

11/01/2017 1:09:46 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਉੱਤਰੀ-ਪੱਛਮੀ ਸਿਡਨੀ 'ਚ 2013 'ਚ ਇਕ ਪੰਜਾਬਣ ਪਰਵਿੰਦਰ ਕੌਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਸੰਬੰਧ 'ਚ ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਉਸ ਦੇ ਪਤੀ ਕੁਲਵਿੰਦਰ ਸਿੰਘ ਨੂੰ ਬੁੱਧਵਾਰ ਦੀ ਸਵੇਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕੁਲਵਿੰਦਰ ਸਿੰਘ 'ਤੇ ਆਪਣੀ ਪਤਨੀ ਪਰਵਿੰਦਰ ਕੌਰ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਪਰਵਿੰਦਰ ਕੌਰ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਅਤੇ 2005 'ਚ ਕੁਲਵਿੰਦਰ ਸਿੰਘ ਨਾਲ ਵਿਆਹ ਕਰਾਉਣ ਤੋਂ ਬਾਅਦ ਅਗਲੇ ਸਾਲ ਸਿਡਨੀ ਆ ਗਈ ਸੀ।
2 ਦਸੰਬਰ 2013 ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਰਾਊਸ ਹਿਲ ਸਥਿਤ ਘਰ 'ਚ ਪਰਵਿੰਦਰ ਕੌਰ ਗੰਭੀਰ ਰੂਪ ਨਾਲ ਸੜੀ ਹੋਈ ਹਾਲਤ ਮਿਲੀ ਸੀ। ਪਰਵਿੰਦਰ ਦਾ ਸਰੀਰ 90 ਫੀਸਦੀ ਸੜਿਆ ਹੋਇਆ ਸੀ। ਦਰਅਸਲ ਦਸੰਬਰ 2013 ਨੂੰ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ ਕਰ ਕੇ ਹਾਊਸ ਹਿਲ ਸਥਿਤ ਘਰ ਬੁਲਾਇਆ ਗਿਆ। ਜਦੋਂ ਅਧਿਕਾਰੀਆਂ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ 32 ਸਾਲਾ ਪਰਵਿੰਦਰ ਕੌਰ ਘਰ ਵਿਚ ਗੰਭੀਰ ਹਾਲਤ 'ਚ ਸੜੀ ਹੋਈ ਮਿਲੀ। ਮੌਕੇ 'ਤੇ ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਇਲਾਜ ਕੀਤਾ ਅਤੇ ਏਅਰ ਐਂਬੂਲੈਂਸ ਜ਼ਰੀਏ ਪਰਵਿੰਦਰ ਨੂੰ ਰਾਇਲ ਨੌਰਥ ਸ਼ੋਰ ਹਸਪਤਾਲ ਭਰਤੀ ਕਰਾਇਆ ਗਿਆ। 90 ਫੀਸਦੀ ਸੜੀ ਹੋਣ ਕਰ ਕੇ ਅਗਲੇ ਦਿਨ ਪਰਵਿੰਦਰ ਕੌਰ ਦੀ ਮੌਤ ਹੋ ਗਈ। 
ਤਕਰੀਬਨ 4 ਸਾਲ ਤੱਕ ਚੱਲੀ ਗੁੰਝਲਦਾਰ ਜਾਂਚ ਤੋਂ ਬਾਅਦ ਪਰਵਿੰਦਰ ਕੌਰ ਦੇ 37 ਸਾਲਾ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਪਰਵਿੰਦਰ ਦੇ ਪਤੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਉਸ ਨੂੰ ਅੱਜ ਸਥਾਨਕ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਓਧਰ ਪੁਲਸ ਸੁਪਰਡੈਂਟ ਨੇ ਕਿਹਾ ਕਿ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਕੌਰ ਦਾ ਪਰਿਵਾਰ ਇਨਸਾਫ ਦੀ ਉਡੀਕ ਵਿਚ ਹੈ।