8 ਸਾਲ ਪਹਿਲਾਂ ਕੈਨੇਡਾ 'ਚ ਹੋਇਆ ਸੀ ਪੰਜਾਬਣ ਦਾ ਕਤਲ, ਪਤੀ ਨੇ ਹੁਣ ਮੰਨਿਆ ਆਪਣਾ ਜ਼ੁਰਮ

10/21/2017 2:07:29 PM

ਐਬਟਸਫੋਰਡ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ 'ਚ ਸਾਲ 2009 'ਚ ਇਕ ਪੰਜਾਬਣ ਔਰਤ ਕੁਲਵਿੰਦਰ ਕੌਰ ਗਿੱਲ ਦੀ ਪਿੱਕਅਪ ਟਰੱਕ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ ਸੀ। ਦੋ ਬੱਚਿਆਂ ਦੀ ਮਾਂ ਨਾਲ ਇਹ ਦੁਰਘਟਨਾ ਸ਼ਾਮ 7.35 'ਤੇ ਵਾਪਰੀ ਅਤੇ ਜਿਸ ਟਰੱਕ ਨਾਲ ਟਕਰਾਉਣ 'ਤੇ ਉਸ ਦੀ ਮੌਤ ਹੋਈ ਸੀ, ਉਸ ਨੂੰ ਪੁਲਸ ਨੇ 90 ਮਿੰਟਾਂ 'ਚ ਕਬਜ਼ੇ 'ਚ ਲੈ ਲਿਆ ਸੀ। ਉਸ ਦੀ ਮੌਤ ਸਾਜਿਸ਼ ਤਹਿਤ ਹੋਈ ਸੀ, ਜਿਸ ਪਿੱਛੇ ਉਸ ਦੇ ਪਤੀ ਇਕਬਾਲ ਸਿੰਘ ਗਿੱਲ ਦਾ ਹੱਥ ਸੀ। 
ਸ਼ੁੱਕਰਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਇਕਬਾਲ ਸਿੰਘ ਗਿੱਲ ਨੇ ਆਪਣੀ ਪਤਨੀ ਦੇ ਕਤਲ 'ਚ ਹੱਥ ਹੋਣ ਦਾ ਗੁਨਾਹ ਅਦਾਲਤ 'ਚ ਕਬੂਲ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਅਪ੍ਰੈਲ 2009 ਵਿਚ ਕੁਲਵਿੰਦਰ ਕੌਰ ਗਿੱਲ ਆਪਣੇ ਪਤੀ ਨਾਲ ਸੈਰ ਕਰ ਰਹੀ ਸੀ, ਜਦੋਂ ਇੱਕ ਟਰੱਕ ਉਸ ਵਿੱਚ ਆ ਕੇ ਵੱਜਾ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਉਸ ਸਮੇਂ ਵੀ ਪੁਲਸ ਨੂੰ ਸ਼ੱਕ ਸੀ ਕਿ ਇਹ ਹਾਦਸਾ ਨਹੀਂ ਬਲਕਿ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ ਅਤੇ ਇਹ ਸ਼ੱਕ ਸੱਚ ਨਿਕਲਿਆ। 2013 'ਚ ਪੁਲਸ ਨੇ ਇਕਬਾਲ ਸਿੰਘ ਗਿੱਲ ਨੂੰ ਇਸ ਮਾਮਲੇ 'ਚ ਹੱਥ ਹੋਣ ਦੇ ਦੋਸ਼ ਅਧੀਨ ਹਿਰਾਸਤ 'ਚ ਲਿਆ ਸੀ ਤੇ ਹੁਣ ਇਕਬਾਲ ਨੇ ਆਪਣੇ ਗੁਨਾਹਾਂ ਨੂੰ ਮੰਨ ਲਿਆ ਹੈ।

ਇਸ ਮਾਮਲੇ 'ਚ ਐਬਟਸਫੋਰਡ 'ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਟਵਾਲ ਅਤੇ ਸਰੀ 'ਚ ਰਹਿਣ ਵਾਲੇ ਜਸਪ੍ਰੀਤ ਸਿੰਘ ਸੋਹੀ ਪਹਿਲੀ ਡਿਗਰੀ ਦੇ ਕਤਲ 'ਚ ਸ਼ਾਮਲ ਸਨ। ਸਰੀ ਨਿਵਾਸੀ ਸੁੱਖਪਾਲ ਸਿੰਘ ਜੋਹਲ 'ਤੇ ਵੀ ਕਤਲ ਦੇ ਦੋਸ਼ੀ ਹੋਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਨੂੰ ਅਪ੍ਰੈਲ 2013 'ਚ ਹਿਰਾਸਤ 'ਚ ਲੈ ਲਿਆ ਗਿਆ ਸੀ । ਅਟਵਾਲ ਨੂੰ ਆਖਰੀ ਸੁਣਵਾਈ ਲਈ ਮਈ 2018 'ਚ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਮ੍ਰਿਤਕ ਦੇ ਪਤੀ ਇਕਬਾਲ ਨੂੰ ਕਿੰਨੀ ਸਜ਼ਾ ਮਿਲਦੀ ਹੈ, ਇਸ ਬਾਰੇ 1 ਨਵੰਬਰ 2017 ਨੂੰ ਅਦਾਲਤ ਫੈਸਲਾ ਕਰੇਗੀ।