ਹੰਗਰੀ ''ਚ ਇਨ੍ਹਾਂ ਮਾਂਵਾਂ ਨੂੰ ਜ਼ਿੰਦਗੀ ਭਰ ਲਈ ਟੈਕਸ ਤੋਂ ਮਿਲੀ ਛੋਟ

01/12/2020 3:46:36 PM

ਬੁਡਾਪੇਸਟ— ਯੂਰਪੀ ਦੇਸ਼ ਹੰਗਰੀ ਦੀ ਸਰਕਾਰ ਨੇ ਦੇਸ਼ ਦੀ ਆਬਾਦੀ ਵਧਾਉਣ ਲਈ ਵੱਡਾ ਐਲਾਨ ਕੀਤਾ ਹੈ। ਪੀ. ਐੱਮ. ਵਿਕਟਰ ਆਰਬਨ ਨੇ ਵੀਰਵਾਰ ਨੂੰ ਫਰਟਿਲਟੀ ਪਾਲਿਸੀ ਦਾ ਐਲਾਨ ਕੀਤਾ ਹੈ। ਇਸ 'ਚ ਦੇਸ਼ ਭਰ ਦੇ ਪਰਿਵਾਰਾਂ ਨੂੰ ਫਰਟਿਲਟੀ ਸੁਵਿਧਾਵਾਂ ਮੁਫਤ ਦਿੱਤੀਆਂ ਜਾਣਗੀਆਂ। ਇਸ ਦੇ ਇਲਾਵਾ 4 ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ ਜੀਵਨ ਭਰ ਇਨਕਮ ਟੈਕਸ ਤੋਂ ਛੋਟ ਦਿੱਤੀ ਜਾਵੇਗੀ। ਅਸਲ 'ਚ ਯੂਰਪੀ ਦੇਸ਼ਾਂ 'ਚੋਂ ਸਭ ਤੋਂ ਘੱਟ (1.4) ਫਰਟਿਲਟੀ ਰੇਟ ਹੰਗਰੀ 'ਚ ਹੀ ਹੈ। ਇੱਥੇ ਪਿਛਲੇ 40 ਸਾਲਾਂ 'ਚ ਤੇਜ਼ੀ ਨਾਲ ਜਨਮ ਦਰ ਡਿੱਗੀ ਹੈ। ਅਜਿਹੇ 'ਚ ਸਰਕਾਰ ਨੇ ਆਬਾਦੀ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਛੋਟ ਦਾ ਐਲਾਨ ਕੀਤਾ ਹੈ।
ਆਰਬਨ ਨੇ ਕਿਹਾ ਕਿ ਫਰਟਿਲਟੀ ਮਹੱਤਵਪੂਰਣ ਵਿਸ਼ਾ ਹੈ। ਸਰਕਾਰ ਨੇ ਦਸੰਬਰ 'ਚ 6 ਫਰਟਿਲਟੀ ਕਲੀਨਿਕਾਂ ਨੂੰ ਇਹ ਕੰਮ ਸੌਂਪਿਆ ਹੈ। ਇਨ੍ਹਾਂ 'ਚ ਪਹਿਲੀ ਫਰਵਰੀ ਤੋਂ ਇਹ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਆਰਬਨ 2010 ਤੋਂ ਹੰਗਰੀ ਦੇ ਪੀ. ਐੱਮ. ਹਨ ਅਤੇ ਇਮੀਗ੍ਰੇਸ਼ਨ ਦੇ ਵਿਰੋਧੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬਾਹਰ ਤੋਂ ਆਉਣ ਵਾਲੇ ਨਹੀਂ ਸਗੋਂ ਹੰਗਰੀਅਨ ਬੱਚੇ ਹੀ ਚਾਹੀਦੇ ਹਨ। ਜੇਕਰ ਯੂਰਪੀ ਦੇਸ਼ ਆਪਣੀ ਆਬਾਦੀ ਨਹੀਂ ਵਧਾਉਂਦੇ ਤਾਂ ਇਕ ਦਿਨ ਬਾਹਰ ਦੇ ਲੋਕ ਉਨ੍ਹਾਂ ਦੀ ਥਾਂ ਲੈ ਲੈਣਗੇ। ਯੂਰਪੀ ਦੇਸ਼ਾਂ 'ਚ ਸਿਰਫ ਹੰਗਰੀ ਹੀ ਨਹੀਂ ਨਾਰਵੇ, ਫਿਨਲੈਂਡ ਅਤੇ ਆਈਸਲੈਂਡ 'ਚ ਵੀ ਲਗਾਤਾਰ ਜਨਮਦਰ ਘਟੀ ਹੈ। ਫਿਨਲੈਂਡ 'ਚ 2018 ਦੇ ਮੁਕਾਬਲੇ 2019 'ਚ ਜਨਮਦਰ 'ਚ 1.65 ਫੀਸਦੀ ਦੀ ਗਿਰਾਵਟ ਆਈ ਹੈ। ਹੰਗਰੀ 'ਚ ਜਨਸੰਖਿਆ 'ਚ ਹਰ ਸਾਲ 32 ਹਜ਼ਾਰ ਦੀ ਕਮੀ ਆ ਰਹੀ ਹੈ। 2017 'ਚ 94,600 ਬੱਚਿਆਂ ਨੇ ਜਨਮ ਲਿਆ ਅਤੇ 1,31,900 ਲੋਕਾਂ ਦੀ ਮੌਤ ਹੋ ਗਈ ਸੀ। ਹੰਗਰੀ ਦੇ ਰਾਈਟ ਵਿੰਗ ਸਮਰਥਕ, ਮੁਸਲਮਾਨ ਦੇਸ਼ਾਂ ਤੋਂ ਆ ਰਹੇ ਸ਼ਰਣਾਰਥੀਆਂ ਦਾ ਵਿਰੋਧ ਕਰਦੇ ਰਹੇ ਹਨ।

ਹੰਗਰੀ 'ਚ ਸਰਕਾਰ ਨੇ ਜਨਮ ਦਰ ਵਧਾਉਣ ਲਈ 7 ਸੂਤਰੀ ਏਜੰਡਾ ਜਾਰੀ ਕੀਤਾ ਹੈ। ਇਸ ਤਹਿਤ 4 ਬੱਚਿਆਂ ਦੀ ਮਾਂ ਨੂੰ ਜੀਵਨ ਭਰ ਟੈਕਸ 'ਚ ਛੋਟ ਦਿੱਤੀ ਜਾਵੇਗੀ। ਪੁਰਸ਼ਾਂ ਨੂੰ 7 ਸੀਟਰ ਵਾਹਨ ਲਈ ਆਰਥਿਕ ਮਦਦ ਮਿਲੇਗੀ। ਇਸ ਤੋਂ ਇਲਾਵਾ 3 ਬੱਚਿਆਂ ਦੇ ਮਾਂ-ਬਾਪ ਨੂੰ 22 ਲੱਖ ਰੁਪਏ ਤਕ ਵਿਆਜ ਮੁਕਤ ਕਰਜਾ ਮਿਲੇਗਾ। ਘਰ ਖਰੀਦਣ ਲਈ ਸਬਸਿਡੀ ਮਿਲੇਗੀ। ਹੈਲਥਕੇਅਰ ਬਜਟ 'ਤੇ ਸਲਾਨਾ 1.50 ਲੱਖ ਕਰੋੜ ਰੁਪਏ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।