ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ, 6 ਲੋਕ ਪਲਟਦੇ ਹਨ ਪੇਜ (ਵੀਡੀਓ)

02/02/2020 12:33:36 PM

ਬੁਡਾਪੇਸਟ (ਬਿਊਰੋ): ਹੁਣ ਤੱਕ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੀ ਕਿਤਾਬ ਬਾਰੇ ਦੱਸ ਰਹੇ ਹਾਂ ਜਿਸ ਨੂੰ ਸ਼ਖਸ ਨੇ ਹੱਥਾਂ ਨਾਲ ਤਿਆਰ ਕੀਤਾ ਹੈ ਅਤੇ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉੱਤਰੀ ਹੰਗਰੀ ਦੇ ਛੋਟੇ ਜਿਹੇ ਪਿੰਡ ਸਿਨਪੇਤਰੀ ਦੇ ਰਹਿਣ ਵਾਲੇ 71 ਸਾਲ ਦੇ ਬੇਲਾ ਵਰਗਾ ਨੇ ਆਪਣੇ ਹੱਥਾਂ ਨਾਲ ਇਕ ਕਿਤਾਬ ਬਣਾਈ ਹੈ। ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਹੈ। ਬੇਲਾ ਨੇ ਇਸ ਕਿਤਾਬ ਨੂੰ ਬਣਾਉਣ ਲਈ ਰਵਾਇਤੀ ਕਿਤਾਬ ਬਾਈਡਿੰਗ ਤਕਨੀਕ ਦਾ ਸਹਾਰਾ ਲਿਆ। 

 

4.18 ਮੀਟਰ ਲੰਬੀ ਅਤੇ 3.77 ਮੀਟਰ ਚੌੜੀ ਇਸ ਕਿਤਾਬ ਵਿਚ 346 ਪੇਜ ਹਨ। ਇਸ ਦਾ ਵਜ਼ਨ 1420 ਕਿਲੋਗ੍ਰਾਮ ਹੈ। ਕਿਤਾਬ ਵਿਚ ਇਲਾਕੇ ਦੇ ਵਾਤਾਵਰਨ, ਗੁਫਾਫਾਂ, ਭੂ-ਭਾਗ ਦੀ ਬਣਤਰ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ। ਬੇਲਾ ਨੇ ਦੱਸਿਆ,''ਇਹ ਕਿਤਾਬ ਨਾ ਸਿਰਫ ਆਪਣੇ ਆਕਾਰ ਕਾਰਨ ਸਗੋਂ ਇਸ ਨੂੰ ਬਣਾਉਣ ਵਿਚ ਵਰਤੀ ਤਕਨੀਕ ਦੇ ਕਾਰਨ ਵੀ ਚਰਚਾ ਵਿਚ ਹੈ। ਕਿਤਾਬ ਇਸ ਖੇਤਰ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੀਆਂ ਹੋਰ ਕਿਤਾਬਾਂ ਨਾਲੋਂ ਵੱਖਰੀ ਹੈ।'' ਉਸ ਨੇ ਅੱਗੇ ਦੱਸਿਆ ਕਿ ਕਿਤਾਬ ਲਈ ਲੱਕੜ ਦੇ ਮੇਜ ਅਤੇ ਅਰਜਨਟੀਨਾ ਤੋਂ ਮੰਗਵਾਏ ਗਏ ਗਾਂ ਦੇ ਚਮੜੇ ਦੀ ਵਰਤੋਂ ਕੀਤੀ ਗਈ ਹੈ।ਇਸ ਦਾ ਪੇਜ ਪਲਟਣ ਲਈ 6 ਲੋਕ ਲੱਗਦੇ ਹਨ। ਇਹ ਲੋਕ ਇਕ ਮਸ਼ੀਨ ਅਤੇ ਸਕਰੂਜ ਦੀ ਮਦਦ ਨਾਲ ਅਜਿਹਾ ਕਰਦੇ ਹਨ।

ਬੇਲਾ ਨੇ ਹੋਰ ਦੱਸਿਆ ਕਿ ਕਿਤਾਬ ਦੀ ਇਕ ਛੋਟੀ ਕਾਪੀ ਵੀ ਤਿਆਰ ਕੀਤੀ ਗਈ ਹੈ ਤਾਂ ਜੋ ਇਸ ਦਾ ਨਾਮ  ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ ਜਾ ਸਕੇ। ਇਸ ਦਾ ਵਜ਼ਨ 11 ਕਿਲੋਗ੍ਰਾਮ ਹੈ। ਦੋਹਾਂ ਕਿਤਾਬਾਂ ਨੂੰ ਇਕੱਠੇ ਤਿਆਰ ਕੀਤਾ ਗਿਆ ਸੀ। ਬੇਲਾ ਦੇ ਮੁਤਾਬਕ,''ਉਹਨਾਂ ਨੂੰ ਭੂਟਾਨ ਦੇ ਪ੍ਰਧਾਨ ਮੰਤਰੀ ਤੋਂ ਖਾਸ ਤੋਹਫੇ ਦੇ ਰੂਪ ਵਿਚ ਯਾਕ ਦੀ ਪੂੰਛ ਪ੍ਰਾਪਤ ਹੋਈ ਹੈ। ਭੂਟਾਨ ਵਿਚ ਯਾਕ ਦੀ ਪੂੰਛ ਦੀ ਵਰਤੋਂ ਬੌਧ ਭਿਕਸ਼ੂ ਪਵਿੱਤਰ ਕਿਤਾਬਾਂ ਨੂੰ ਸਾਫ ਕਰਨ ਲਈ ਕਰਦੇ ਹਨ। ਇਹ ਪੂੰਛ ਧੂੜ ਨੂੰ ਹਟਾਉਣ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਲਈ ਮੈਂ ਹੁਣ ਇਸੇ ਨਾਲ ਕਿਤਾਬ ਦੀ ਧੂੜ ਹਟਾਉਂਦਾ ਹਾਂ।''

Vandana

This news is Content Editor Vandana