ਕੈਲੀਫੋਰਨੀਆ ਦੀ ਜੰਗਲੀ ਅੱਗ ਤੋਂ ਸੈਂਕੜੇ ਜਾਨਵਰਾਂ ਨੂੰ ਬਚਾਇਆ ਗਿਆ

08/25/2021 8:18:44 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਵਿੱਚ ਬਲ ਰਹੀਆਂ ਜੰਗਲੀ ਅੱਗਾਂ ਵਿੱਚ ਕੈਲਡੋਰ ਅੱਗ ਹੁਣ ਜ਼ਿਆਦਾ ਤਬਾਹੀ ਮਚਾ ਰਹੀ ਹੈ। ਇਹ ਜੰਗਲੀ ਅੱਗ ਜਾਨਵਰਾਂ ਲਈ ਵੀ ਇੱਕ ਵੱਡਾ ਖ਼ਤਰਾ ਬਣ ਰਹੀ ਹੈ। ਇਸੇ ਦੌਰਾਨ ਇੱਕ ਸੰਸਥਾ ਨੇ ਕੈਲਡੋਰ ਅੱਗ ਤੋਂ ਸੈਂਕੜੇ ਜਾਨਵਰਾਂ ਨੂੰ ਬਚਾਇਆ ਹੈ। 

ਕੈਲੀਫੋਰਨੀਆ ਫਾਇਰ ਵਿਭਾਗ ਦੇ ਅਨੁਸਾਰ 14 ਅਗਸਤ ਨੂੰ ਸ਼ੁਰੂ ਹੋਈ ਕੈਲਡੋਰ ਅੱਗ ਨੇ 117,700 ਏਕੜ ਤੋਂ ਵੱਧ ਰਕਬੇ ਨੂੰ ਸਾੜ ਦਿੱਤਾ ਹੈ ਅਤੇ ਇਸ 'ਤੇ ਸਿਰਫ 9% ਤੱਕ ਹੀ ਕਾਬੂ ਪਾਇਆ ਗਿਆ ਹੈ। ਇਸ ਸੁਰੱਖਿਆ ਸੰਸਥਾ ਟੀਮ ਦਾ ਨਾਮ ਐਮਾਡੋਰ ਹੈ, ਜਿਸਦੇ 39 ਮੈਂਬਰਾਂ ਅਤੇ ਦਰਜਨਾਂ ਅਸਥਾਈ ਵਲੰਟੀਅਰਾਂ ਦੇ ਸਮੂਹ ਨੇ 14 ਅਗਸਤ ਨੂੰ ਅੱਗ ਲੱਗਣ ਤੋਂ ਬਾਅਦ ਤਕਰੀਬਨ 483 ਜਾਨਵਰਾਂ ਨੂੰ ਬਚਾਇਆ ਹੈ। ਕਰਮਚਾਰੀਆਂ ਦੁਆਰਾ ਪਸ਼ੂਆਂ ਨੂੰ ਜੈਕਸਨ ਦੇ ਇੱਕ ਖੇਤ ਵਿੱਚ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਇਸ ਟੀਮ ਦੀ ਸਥਾਪਨਾ 2015 ਵਿੱਚ ਬੱਟ ਫਾਇਰ ਦੇ ਕਾਰਨ ਕੀਤੀ ਗਈ ਸੀ। ਇਸ ਟੀਮ ਨੇ ਉਸ ਸਮੇਂ 800 ਜਾਨਵਰਾਂ ਨੂੰ ਬਚਾਉਣ ਵਿੱਚ ਸਹਾਇਤਾ ਕੀਤੀ ਸੀ ਅਤੇ ਇਸ ਟੀਮ ਨੇ ਉਦੋਂ ਤੋਂ ਹਜ਼ਾਰਾਂ ਜਾਨਵਰਾਂ ਨੂੰ ਬਚਾਇਆ ਹੈ।

ਅੱਗ ਲੱਗਣ ਦੇ ਦੌਰਾਨ ਘਰੇਲੂ ਜਾਨਵਰ ਜਿਵੇਂ ਕਿ ਘੋੜੇ, ਬੱਕਰੀਆਂ ਅਤੇ ਗਾਵਾਂ ਆਦਿ ਨੂੰ ਬਚਾਉਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਟੀਮ ਦਾ ਉਦੇਸ਼ ਉਨ੍ਹਾਂ ਜਾਨਵਰਾਂ ਦੀ ਰੱਖਿਆ ਕਰਨਾ ਹੈ ਜੋ ਨਿਕਾਸੀ ਸ਼ੈਲਟਰਾਂ ਵਿੱਚ ਦਾਖਲ ਨਹੀਂ ਹੋ ਸਕਦੇ। ਇਸ ਟੀਮ ਦੇ ਇੱਕ ਵਲੰਟੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ ਅੱਗ ਤੋਂ ਬਚਾਏ ਹੋਏ ਤਕਰੀਬਨ 467 ਜਾਨਵਰ ਹਨ ਜਦੋਂ ਕਿ 16 ਨੂੰ ਉਨ੍ਹਾਂ ਦੇ ਮਾਲਕਾਂ ਕੋਲ ਵਾਪਸ ਭੇਜ ਦਿੱਤਾ ਗਿਆ ਹੈ। ਇਸ ਟੀਮ ਦੇ ਵਲੰਟੀਅਰ ਅਕਸਰ ਮਾਲਕਾਂ ਅਤੇ ਜਾਨਵਰਾਂ ਦੇ ਤਣਾਅ ਪੱਧਰ ਨੂੰ ਘਟਾਉਣ ਲਈ ਕੰਮ ਕਰ ਰਹੇ ਹਨ।

ਨੋਟ- ਇਸ ਖ਼ਬਰ  ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati