ਇਟਲੀ: ਭੂਚਾਲ ''ਚ ਮਾਰੇ ਗਏ ਲੋਕਾਂ ਦਾ ਸਮੂਹਕ ਅੰਤਮ ਸੰਸਕਾਰ, ਦਰਦਨਾਕ ਹੌਂਕਿਆਂ ਨਾਲ ਭਰ ਗਿਆ ਆਲਮ (ਦੇਖੋ ਤਸਵੀਰਾਂ)

08/28/2016 11:46:56 AM

ਰੋਮ — ਬੁੱਧਵਾਰ ਨੂੰ ਇਟਲੀ ''ਚ ਆਏ 6.2 ਤੀਬਰਤਾ ਦੇ ਭੂਚਾਲ ਵਿਚ ਮਰਨ ਵਾਲਿਆਂ ਦਾ ਅੰਕੜਾ 300 ਤੋਂ ਪਾਰ ਹੋ ਗਿਆ ਹੈ। ਇਸ ਦਰਮਿਆਨ ਇਟਲੀ ਦੇ ਆਸਕੋਲੀ ਪਿਚੇਨੋ ਸ਼ਹਿਰ ਵਿਚ 35 ਲੋਕਾਂ ਦਾ ਸਮੂਹਕ ਅੰਤਮ ਸੰਸਕਾਰ ਕੀਤਾ ਗਿਆ ਤਾਂ ਸਾਰਾ ਆਲਮ ਦਰਦਨਾਕ ਹੌਂਕਿਆਂ ਨਾਲ ਭਰ ਗਿਆ। ਹਰ ਰੋਂਦੀ ਹੋਈ ਅੱਖ ਰੱਬ ਤੋਂ ਇਸ ਦਰਦਨਾਕ ਹਾਦਸੇ ਦੀ ਸ਼ਿਕਾਇਤ ਕਰ ਰਹੀ ਸੀ ਪਰ ਇਸ ਕੁਦਰਤੀ ਆਫਤ ਅੱਗੇ ਕਿਸੇ ਦਾ ਜ਼ੋਰ ਨਾ ਚੱਲਿਆ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਸ ਸਮੇਂ ਸਾਰਿਆਂ ਦਾ ਕਾਲਜਾ ਮੂੰਹ ਨੂੰ ਆ ਗਿਆ ਜਦੋਂ ਲਾਸ਼ਾਂ ਦੇ ਇਨ੍ਹਾਂ ਬਕਸਿਆਂ ਵਿਚ 18 ਮਹੀਨੇ ਦੇ ਇਕ ਬੱਚੇ ਦੀ ਲਾਸ਼ ਵੀ ਸੀ। 

ਜ਼ਿਕਰਯੋਗ ਹੈ ਕਿ ਇਟਲੀ ਵਿਚ ਆਏ ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਛੇ ਸ਼ਹਿਰਾਂ ਵਿਚ ਦੇਖਣ ਨੂੰ ਮਿਲਿਆ। ਅਮਾਤਰੀਚੇ ਅਤੇ ਐਕੁਮੋਲੀ ਸ਼ਹਿਰਾਂ ਵਿਚ ਤਾਂ ਇਸ ਨਾਲ ਸਭ ਤੋਂ ਜ਼ਿਆਦਾ ਤਬਾਹੀ ਹੋਈ। ਇਟਲੀ ਦੇ ਰਾਸ਼ਟਰਪਤੀ ਸਾਰਜੀਓ ਮੈਟੇਰੇਲਾ ਅਤੇ ਪ੍ਰਧਾਨ ਮੰਤਰੀ ਮਤਾਓ ਰੈਂਜੀ ਨੇ ਇਸ ਸਮੂਹਕ ਅੰਤਮ ਸੰਸਕਾਰ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਾਤਰੀਚੇ ਅਤੇ ਐਕੂਮੋਲੀ ਸ਼ਹਿਰਾਂ ਦਾ ਦੌਰਾ ਕੀਤਾ। 
ਭੂਚਾਲ ਵਿਚ ਲਾਪਤਾ ਹੋਏ ਲੋਕਾਂ ਦੀ ਤਲਾਸ਼ ਲਈ 4000 ਬਚਾਅ ਕਰਮੀ ਲਗਾਏ ਗਏ ਹਨ। ਵਿਦਿਆਨੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਐਕੂਮੋਲੀ ਸ਼ਹਿਰ ਦੀ ਜ਼ਮੀਨ 20 ਸੈਂਟੀਮੀਟਰ ਹੇਠਾਂ ਧਸ ਗਈ ਹੈ। ਮਲਬੇ ਨੂੰ ਹਟਾਉਣ ਲਈ ਭਾਰੀਆਂ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਹੁਣ ਮਲਬੇ ਹੇਠਾਂ ਕਿਸੇ ਦੇ ਜ਼ਿੰਦਾ ਮਿਲਣ ਦੀ ਆਸ ਬਾਕੀ ਨਹੀਂ ਬਚੀ ਹੈ ਅਜਿਹੇ ਵਿਚ ਇਸ ਕੁਦਰਤੀ ਆਫਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।

Kulvinder Mahi

This news is News Editor Kulvinder Mahi