ਮਨੁੱਖਾਂ ਕਾਰਨ ਪਸ਼ੂਆਂ ਅਤੇ ਜੀਵ-ਜੰਤੂਆਂ ਦੀ 60 ਫੀਸਦੀ ਆਬਾਦੀ ਹੋਈ ਖਤਮ : ਰਿਪੋਰਟ

11/01/2018 12:23:41 PM

ਲੰਡਨ(ਏਜੰਸੀ)— ਮਨੁੱਖ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕੁਦਰਤ ਅਤੇ ਜੀਵ-ਜੰਤੂਆਂ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਆਪਣੀਆਂ ਇੱਛਾਵਾਂ ਕਾਰਨ ਉਹ ਜੰਗਲਾਂ ਨੂੰ ਖਤਮ ਕਰ ਰਿਹਾ ਹੈ ਅਤੇ ਆਪਣੇ ਲਈ ਵੱਡੇ ਘਰ, ਉੱਚੀਆਂ ਇਮਾਰਤਾਂ, ਫੈਕਟਰੀਆਂ ਆਦਿ ਬਣਾ ਰਿਹਾ ਹੈ। ਉਹ ਇਹ ਨਹੀਂ ਸੋਚ ਰਿਹਾ ਕਿ ਇਸ ਤਰ੍ਹਾਂ ਉਹ ਜੰਗਲੀ ਜਾਨਵਰਾਂ, ਪੰਛੀਆਂ ਅਤੇ ਜੀਵ-ਜੰਤੂਆਂ ਦੇ ਘਰਾਂ ਨੂੰ ਬਰਬਾਦ ਕਰ ਰਿਹਾ ਹੈ। ਇਸੇ ਕਾਰਨ ਪਸ਼ੂਆਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ। ਉਦਯੋਗੀਕਰਨ ਕਾਰਨ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। 'ਜ਼ੂਲੋਜੀਕਲ ਸੋਸਾਇਟੀ ਆਫ ਲੰਡਨ' ਵਲੋਂ ਜਾਰੀ ਡਾਟੇ 'ਚ ਦੱਸਿਆ ਗਿਆ ਹੈ ਕਿ 1970 ਤੋਂ 2014 ਤਕ ਪਸ਼ੂਆਂ ਅਤੇ ਜੀਵ-ਜੰਤੂਆਂ ਦੀ ਆਬਾਦੀ 60 ਫੀਸਦੀ ਘੱਟ ਗਈ ਹੈ। ਪਿਛਲੇ ਚਾਰ ਸਾਲਾਂ ਤੋਂ ਇਸ ਦੇ ਮਾੜੇ ਨਤੀਜੇ ਵਧੇਰੇ ਦੇਖਣ ਨੂੰ ਮਿਲ ਰਹੇ ਹਨ।


ਇਨਸਾਨ ਦੀਆਂ ਮੁੱਢਲੀਆਂ ਜ਼ਰੂਰਤਾਂ ਜਿਵੇਂ ਖਾਣ ਯੋਗ ਪਦਾਰਥ, ਸਾਫ ਪਾਣੀ ਅਤੇ ਊਰਜਾ ਇਹ ਸਭ ਵੀ ਕੁਦਰਤ ਦੀ ਦੇਣ ਹਨ। 'ਲਿਵਿੰਗ ਪਲੇਨ' ਦੀ ਰਿਪੋਰਟ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਮਨੁੱਖੀ ਗਤੀਵਿਧੀਆਂ ਕੁਦਰਤ ਨੂੰ ਨਕਾਰਾਤਮਕ ਦਰ ਨਾਲ ਬਰਬਾਦ ਕਰ ਰਹੀਆਂ ਹਨ, ਜੋ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਤੰਦਰੁਸਤੀ ਨੂੰ ਖਤਰੇ 'ਚ ਪਾਉਂਦੀਆਂ ਹਨ।
ਦੁਨੀਆ ਦੇ 59 ਵਿਗਿਆਨੀਆਂ ਨੇ ਇਸ 'ਤੇ ਵਿਚਾਰ ਕੀਤੇ ਹਨ ਅਤੇ ਇਸ ਕਾਰਨ ਵਧ ਰਹੇ ਖਤਰੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੀਵ-ਜੰਤੂਆਂ ਕਾਰਨ ਇਨਸਾਨ ਨੂੰ ਸਾਫ ਹਵਾ, ਪਾਣੀ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ। ਕੁਦਰਤ ਵਲੋਂ ਮਿਲ ਰਹੇ ਖਾਧ ਪਦਾਰਥਾਂ ਅਤੇ ਸੰਸਾਧਨਾਂ 'ਚ ਜੇਕਰ ਕਮੀ ਆ ਗਈ ਤਾਂ ਇਨਸਾਨ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਜਾਵੇਗੀ। ਬਹੁਤ ਸਾਰੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ, ਜੋ ਸੱਚ-ਮੁੱਚ ਚਿੰਤਾ ਦਾ ਵਿਸ਼ਾ ਹਨ। ਹਾਲਾਂਕਿ ਕੁਦਰਤੀ ਆਫਤਾਂ ਵੀ ਪਸ਼ੂਆਂ ਅਤੇ ਜੀਵ-ਜੰਤੂਆਂ ਲਈ ਵੱਡਾ ਖਤਰਾ ਹਨ।


ਇਸ ਸੋਧ ਨਾਲ ਜੁੜੇ ਮਾਹਿਰ ਮਾਈਕ ਬੈਰੇਟ ਨੇ ਅਜਿਹੀ ਸਥਿਤੀ ਨੂੰ ਇਨ੍ਹਾਂ ਸ਼ਬਦਾਂ ਨਾਲ ਬਿਆਨ ਕੀਤਾ ਕਿ ਅਸੀਂ ਇਕ ਚੱਟਾਨ ਦੇ ਕਿਨਾਰੇ 'ਤੇ ਸੌਂ ਰਹੇ ਹਾਂ। ਇਸ ਤੋਂ ਸਪੱਸ਼ਟ ਹੈ ਕਿ ਮਨੁੱਖ ਖਤਰਿਆਂ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਨ 60 ਫੀਸਦੀ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਖਤਮ ਕਰ ਸਕਦਾ ਹੈ ਤਾਂ ਅਗਲੇ ਸਮੇਂ 'ਚ ਉਹ ਸਭ ਕੁਝ ਖਤਮ ਕਰ ਦੇਵੇਗਾ, ਇਸ ਤਰ੍ਹਾਂ ਉਹ ਆਪ ਹੀ ਆਪਣੀ ਜ਼ਿੰਦਗੀ ਖਤਮ ਕਰਨ ਵੱਲ ਦੌੜ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਕਾਰਨ 83 ਫੀਸਦੀ ਦੁਧਾਰੂ ਪਸ਼ੂ ਮਰ ਚੁੱਕੇ ਹਨ। ਪੌਦਿਆਂ ਦੀਆਂ ਅੱਧੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਇਸ ਭਾਰੀ ਨੁਕਸਾਨ ਨੂੰ ਭਰਨ ਲਈ 5-7 ਮਿਲੀਅਨ ਸਾਲਾਂ ਦਾ ਸਮਾਂ ਲੱਗ ਜਾਵੇਗਾ। ਇਸ ਲਈ ਇਨਸਾਨ ਨੂੰ ਸਹੀ ਕਦਮ ਚੁੱਕਣ ਦੀ ਜ਼ਰੂਰਤ ਹੈ।