ਕੁਦਰਤੀ ਆਫਤਾਂ ਦੀ ਮਾਰ ਝੱਲ ਰਿਹੈ ਆਸਟ੍ਰੇਲੀਆ, ਹੁਣ ਇਸ ਕਾਰਨ ਸਹਿਮੇ ਲੋਕ (ਤਸਵੀਰਾਂ)

01/20/2020 3:28:31 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਲੱਗੀ ਜੰਗਲੀ ਅੱਗ ਦੇ ਸੇਕ ਨੇ ਲੋਕਾਂ ਨੂੰ ਕਾਫੀ ਸਮੇਂ ਤਕ ਪ੍ਰੇਸ਼ਾਨ ਕੀਤਾ ਪਰ ਹੁਣ ਹਨ੍ਹੇਰੀ-ਤੂਫਾਨ ਅਤੇ ਗੜਿਆਂ ਨੇ ਕਹਿਰ ਮਚਾ ਦਿੱਤਾ ਹੈ, ਜਿਸ ਕਾਰਨ ਲੋਕ ਡਰ ਗਏ ਹਨ।

ਰਾਜਧਾਨੀ ਕੈਨਬਰਾ 'ਚ ਸੋਮਵਾਰ ਨੂੰ ਭਾਰੀ ਗੜੇਮਾਰੀ ਹੋਈ। ਕਈ ਥਾਵਾਂ 'ਤੇ ਦਰੱਖਤ ਜੜ੍ਹੋਂ ਹੀ ਉੱਖੜ ਗਏ। ਇਸ ਦੌਰਾਨ ਮਸ਼ਹੂਰ ਸੈਲਾਨੀ ਸਥਾਨ 'ਬਲੂ ਮਾਊਂਟੇਨਜ਼' 'ਤੇ ਘੁੰਮਣ ਗਏ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।


ਐਮਰਜੈਂਸੀ ਸੇਵਾਵਾਂ ਮੁਤਾਬਕ ਉਨ੍ਹਾਂ ਨੂੰ ਸੈਂਕੜੇ ਲੋਕਾਂ ਨੇ ਮਦਦ ਮੰਗਣ ਲਈ ਫੋਨ ਕੀਤਾ। ਮੈਲਬੌਰਨ ਅਤੇ ਕੈਨਬਰਾ 'ਚ ਗੋਲਫ ਬਾਲ ਦੇ ਆਕਾਰ ਵਾਲੇ ਗੜੇ ਪਏ। ਇਸ ਕਾਰਨ ਲੋਕਾਂ ਦੇ ਘਰਾਂ-ਦਫਤਰਾਂ ਦੀਆਂ ਖਿੜਕੀਆਂ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਬਹੁਤ ਸਾਰੇ ਲੋਕ ਬਾਹਰ ਘੁੰਮਣ ਗਏ ਸਨ ਤੇ ਇੱਥੇ ਹੀ ਫਸ ਗਏ।

ਲੋਕਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓਜ਼ 'ਚ ਦੇਖਿਆ ਗਿਆ ਕਿ ਲੋਕ ਖਾਣਾ ਛੱਡ ਕੇ ਗੜਿਆਂ ਤੋਂ ਬਚਣ ਲਈ ਮੇਜ਼ਾਂ ਹੇਠ ਲੁਕ ਗਏ।


ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ 'ਚ ਭਾਰੀ ਮੀਂਹ ਪਿਆ ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ।ਇਸ ਲਈ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਜਨਵਰੀ-ਫਰਵਰੀ ਹੀ ਨਹੀਂ ਅਪ੍ਰੈਲ ਤਕ ਇਸ ਤਰ੍ਹਾਂ ਦੇ ਤੂਫਾਨ ਆ ਸਕਦੇ ਹਨ। ਇਸ ਹਫਤੇ ਫਿਰ ਗਰਮੀ ਵਧਣ ਦਾ ਖਦਸ਼ਾ ਹੈ।