ਕੋਵਿਡ-19 ਖਿਲਾਫ ਕਿਵੇਂ ਚੱਲ ਰਹੀਆਂ ਹਨ ਕੈਨੇਡਾ ਦੇ ਵੱਡੇ ਸਟੋਰਾਂ ਦੀਆਂ ਤਿਆਰੀਆਂ?

03/14/2020 5:57:14 PM

ਟੋਰਾਂਟੋ- ਦੁਨੀਆਭਰ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ। ਨਾਰਥ-ਅਮਰੀਕੀ ਦੇਸ਼ ਕੈਨੇਡਾ ਵੀ ਇਸ ਤੋਂ ਅਣਛੋਹਿਆ ਨਹੀਂ ਹੈ। ਪੂਰੇ ਕੈਨੇਡਾ ਵਿਚ ਕੋਰੋਨਾਵਾਇਰਸ ਦੇ ਤਕਰੀਬਨ 200 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਦੀ ਵੀ ਖਬਰ ਹੈ। ਕੋਰੋਨਾਵਾਇਰਸ ਦੇ ਖੌਫ ਕਾਰਨ ਪਰੇਸ਼ਾਨ ਲੋਕ ਕਰਿਆਨੇ ਦੀਆਂ ਦੁਕਾਨਾਂ ਵਲ ਭੱਜ ਰਹੇ ਹਨ। ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਵੀ ਪਰੇਸ਼ਾਨ ਲੋਕਾਂ ਨੂੰ ਸਾਂਭਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ।

ਸਮੁੱਚੇ ਕੈਨੇਡਾ ਦੇ ਕਰਿਆਨਾ ਸਟੋਰ ਗਾਹਕਾਂ ਨੂੰ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਸਪਲਾਈ ਕਰਨ ਵਿਚ ਲੱਗੇ ਹੋਏ ਹਨ। ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਦੇਸ਼ ਭਰ ਦੇ ਲੋਕ ਟਾਇਲਟ ਪੇਪਰ, ਹੈਂਡ ਸੈਨੀਟਾਈਜ਼ਰ ਤੇ ਹੋਰ ਕਈ ਚੀਜ਼ਾਂ ਲਈ ਸਟੋਰਾਂ ਵੱਲ ਭੱਜ ਰਹੇ ਹਨ। ਕੈਨੇਡਾ ਵਿਚ ਕੁਝ ਸਥਾਨਕ ਸਟੋਰਾਂ ਨੇ ਕੋਵਿਡ -19 ਦੀਆਂ ਚਿੰਤਾਵਾਂ ਦੇ ਕਾਰਨ ਹੈਂਡ ਸੈਨੀਟਾਈਜ਼ਰ ਵਰਗੀਆਂ ਚੀਜ਼ਾਂ ਦਾ ਬੰਡਾਰਣ ਵਧਾ ਦਿੱਤਾ ਹੈ। ਕੈਨੇਡਾ ਤੋਂ ਬਾਹਰ ਵੀ ਬਹੁਤ ਸਾਰੇ ਸਟੋਰ ਕੋਰੋਨਾਵਾਇਰਸ ਦੇ ਡਰੋ ਆਪਣੇ ਗੋਦਾਮਾਂ ਵਿਚ ਲੋੜੀਂਦੀਆਂ ਚੀਜ਼ਾਂ ਭਰ ਰਹੇ ਹਨ।

ਹੈਲੀਫੈਕਸ ਵਿਚ ਡਲਹੌਜ਼ੀ ਯੂਨੀਵਰਸਿਟੀ ਵਿਚ ਐਗਰੀ-ਫੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਸਿਲਵੈਨ ਚਾਰਲੇਬੋਇਸ ਨੇ ਕਿਹਾ ਕਿ ਇਹ ਅਭਿਆਸ ਜੇਕਰ ਸਹੀ ਸਮੇਂ 'ਤੇ ਹੋ ਜਾਵੇ ਤਾਂ ਇਸ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਕਸਰ ਦੇਖਿਆ ਜਾਂਦਾਂ ਹੈ ਕਿ ਲੋਕ ਅਜਿਹੀ ਸਥਿਤੀ ਵਿਚ ਪਰੇਸ਼ਾਨ ਹੋ ਜਾਂਦੇ ਹਨ। ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਸਿਰਫ ਇਕ ਟਾਇਲਟ ਪੇਪਰ ਖਰੀਦ ਰਹੇ ਹੁੰਦੇ ਹਨ। ਅਜਿਹੀ ਕਾਹਲੀ ਵਿਚ ਲੋਕ ਚੀਜ਼ਾਂ ਖਰੀਦਣ ਤੋਂ ਬਾਅਦ ਸੋਚਦੇ ਹਨ ਕਿ ਖਰੀਦੇ ਹੋਏ ਸਮਾਨ ਵਿਚੋਂ ਬਹੁਤੇ ਦੀ ਉਹਨਾਂ ਨੂੰ ਹਾਲੇ ਲੋੜ ਹੀ ਨਹੀਂ ਸੀ।

ਵੱਡੇ ਸਟੋਰਾਂ ਦਾ ਕੀ ਹੈ ਕਹਿਣਾ
ਸੀਬੀਸੀ ਨਿਊਜ਼ ਨੂੰ ਇਕ ਈਮੇਲ ਵਿਚ ਵਾਲਮਾਰਟ ਕੈਨੇਡਾ ਨੇ ਕਿਹਾ ਕਿ ਉਹ ਆਪਣੇ ਸਟੋਰਾਂ ਵਿਚ ਉਹਨਾਂ ਚੀਜ਼ਾਂ ਦਾ ਭੰਡਾਰਣ ਰੱਖਦਾ ਰਹੇਗਾ, ਜਿਹਨਾਂ ਚੀਜ਼ਾਂ ਦੀ ਲੋਕਾਂ ਨੂੰ ਰੁਜ਼ਾਨਾ ਲੋੜ ਹੁੰਦੀ ਹੈ, ਜਿਵੇਂ ਕਿ ਹੈਂਡ ਸੈਨੀਟਾਈਜ਼ਰ, ਕਾਗਜ਼ ਉਤਪਾਦ, ਸਫਾਈ ਦੀ ਚੀਜ਼ਾਂ ਤੇ ਹੋਰ ਲੋੜੀਂਦੀਆਂ ਚੀਜ਼ਾਂ। ਵਾਲਮਾਰਟ ਨੇ ਕਿਹਾ ਕਿ ਉਹ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਨੂੰ ਸਹੀ ਰੱਖਣ ਦੀ ਵੀ ਯੋਜਨਾ ਬਣਾ ਰਿਹਾ ਹੈ।

ਕੰਪਨੀ ਨੇ ਕਿਹਾ ਕਿ ਜੇਕਰ ਕੰਪਨੀ ਦਾ ਕੋਈ ਵੀ ਕਰਮਚਾਰੀ ਜੋ ਠੀਕ ਨਹੀਂ ਮਹਿਸੂਸ ਕਰ ਰਿਹਾ ਉਹ ਘਰ ਰਹਿ ਸਕਦਾ ਹੈ। ਕੰਪਨੀ ਨੇ ਬੀਮਾਰ ਜਾਂ ਪ੍ਰਭਾਵਿਤ ਕਰਮਚਾਰੀਆਂ ਦੀ ਵਿੱਤੀ ਸਹਾਇਤਾ ਲਈ ਇਕ ਨਵੀਂ ਨੀਤੀ ਦੀ ਵੀ ਸ਼ੁਰੂਆਤ ਕੀਤੀ ਹੈ। ਪ੍ਰਭਾਵਿਤ ਕਰਮਚਾਰੀਆਂ ਨੂੰ ਤਨਖਾਹ 'ਤੇ ਛੁੱਟੀਆਂ ਦੇਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਸੀਬੀਸੀ ਨਿਊਜ਼ ਨੇ ਵੀਰਵਾਰ ਨੂੰ ਸੁਪਰਸਟੋਰ ਤੇ ਨੋ-ਫਰਿਲਜ਼ ਜਿਹੇ ਸਟੋਰਾਂ ਤੋਂ ਵੀ ਉਹਨਾਂ ਦੀਆਂ ਤਿਆਰੀਆਂ ਬਾਰੇ ਜਾਨਣਾ ਚਾਹਿਆ ਪਰ ਉਹਨਾਂ ਪਾਸੋਂ ਅਜੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਪੀਸੀ ਐਕਸਪ੍ਰੈਸ ਨੇ ਆਪਣੀ ਇਕ ਈਮੇਲ ਵਿਚ ਕਿਹਾ ਕਿ ਉਹਨਾਂ ਵਲੋਂ ਵਧਦੀ ਡਿਮਾਂਡ 'ਤੇ ਕਦਮ ਚੁੱਕੇ ਜਾ ਰਹੇ ਹਨ, ਜਿਹਨਾਂ ਵਿਚ ਟਾਇਲਟ ਪੇਪਰ 'ਤੇ ਹੋਰ ਚੀਜ਼ਾਂ ਸ਼ਾਮਲ ਹਨ। ਉਹ ਲੋਕਾਂ ਨੂੰ ਉਹਨਾਂ ਦੀ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਖਤ ਮਿਹਨਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਸੁਚੇਤ
ਪ੍ਰੈਸ ਕਾਨਫਰੰਸ ਵਿਚ ਆਪਣੇ ਲੋਕਾਂ ਨੂੰ ਸੁਚੇਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅੰਤਰਰਾਸ਼ਟਰੀ ਯਾਤਰਾਵਾਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਤੇ ਇਸ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ। ਅਸੀਂ ਅੰਤਰਰਾਸ਼ਟਰੀ ਉਡਾਣਾਂ ਲਈ ਥੋੜੇ ਏਅਰਪੋਰਟ ਚਾਲੂ ਰੱਖਾਂਗੇ, ਜਿਸ ਨਾਲ ਉਡਾਣਾਂ ਪੂਰੀ ਤਰ੍ਹਾਂ ਨਾਲ ਬੰਦ ਨਾ ਹੋਣ। ਇਸ ਨਾਲ ਅਸੀਂ ਆਪਣੇ ਕੈਨੇਡਾ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖ ਪਾਵਾਂਗੇ। ਸਾਇੰਸਦਾਨਾਂ ਨਾਲ ਗੱਲਬਾਤ ਕਰਕੇ ਇਸ ਵਾਇਰਸ ਦੀ ਰੋਕਥਾਮ ਲਈ ਹਰ ਇਕ ਕਦਮ ਚੁੱਕਾਂਗੇ ਤਾਂ ਜੋ ਅਸੀਂ ਆਪਣੇ ਕੈਨੇਡੀਅਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇ ਸਕੀਏ। ਉਥੇ ਹੀ ਇਕ ਰੇਡੀਓ ਕੈਨੇਡਾ ਮਾਂਟਰੀਅਲ ਦੇ ਸਵੇਰ ਦੇ ਸ਼ੋਅ ਵਿਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਕਿ ਸਰਕਾਰ ਕਿਸੇ ਵੀ ਵਿਚਾਰਾਂ ਦਾ ਰਾਹ ਬੰਦ ਨਹੀਂ ਕਰ ਰਹੀ ਅਤੇ ਦਿਨ ਪ੍ਰਤੀ ਦਿਨ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਕੈਨੇਡੀਅਨ ਸਰਹੱਦ ਨੂੰ ਬੰਦ ਕਰਨ ਬਾਰੇ ਟਰੂਡੋ ਨੇ ਆਖਿਆ ਕਿ ਅਸੀਂ ਇਸ ਦਿਨ ਪ੍ਰਤੀ ਦਿਨ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਵਾਂਗੇ।