ਓਟਾਵਾ ''ਚ ਘਰ ਨੂੰ ਲੱਗੀ ਅੱਗ, 74 ਸਾਲਾ ਔਰਤ ਦੀ ਮੌਤ

10/16/2017 5:07:52 PM

ਓਟਾਵਾ (ਬਿਊਰੋ)— ਐਤਵਾਰ ਦੀ ਦੁਪਹਿਰ ਨੂੰ ਓਟਾਵਾ ਦੇ ਨਾਲ ਲੱਗਦੇ ਬੈਰਾਹੈਵਨ 'ਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 74 ਸਾਲਾ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਅੱਗ 'ਤੇ ਕਾਬੂ ਪਾਉਣ ਆਏ 2 ਫਾਈਰ ਫਾਇਟਰਜ਼ ਵੀ ਝੁਲਸ ਗਏ। ਓਟਾਵਾ ਫਾਇਰ ਸਰਵਿਸੇਜ਼ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਕਰੀਬਨ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਓਟਾਵਾ ਦੇ ਏਕਲ ਡਰਾਈਵ ਨੇੜੇ ਗਰੀਨਬੈਂਕ ਅਤੇ ਫਾਲੋਅਫੀਲਡ ਰੋਡ ਦੇ ਚੌਹਾਰੇ 'ਤੇ ਸਥਿਤ ਘਰ ਨੂੰ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਘਰ ਦੀ ਪਹਿਲੀ ਮੰਜ਼ਲ ਤੋਂ ਧੂੰਆਂ ਨਿਕਲ ਰਿਹਾ ਸੀ। 
ਫਾਇਰ ਫਾਈਟਰਾਂ ਨੇ ਦੱਸਿਆ ਕਿ ਅੱਗ 'ਤੇ 4.50 'ਤੇ ਕਾਬੂ ਪਾਇਆ ਗਿਆ। ਪੁਲਸ ਨੇ ਦੱਸਿਆ ਕਿ ਘਰ 'ਚ ਰਹਿੰਦੀ ਔਰਤ ਦੀ ਮੌਤ ਹੋ ਗਈ, ਕਿਉਂਕਿ ਉਹ ਅਪਾਹਜ ਸੀ। ਫਾਇਰ ਫਾਈਟਰ ਅਧਿਕਾਰੀ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਉਂਦੇ ਹੋਏ ਇਕ ਫਾਇਰ ਫਾਈਟਰ ਮਾਮੂਲੀ ਰੂਪ ਨਾਲ ਝੁਲਸ ਗਿਆ ਅਤੇ ਦੂਜੇ ਦੇ ਹੱਥ ਝੁਲਸ ਗਏ। ਓਟਾਵਾ ਪੁਲਸ, ਓਟਾਵਾ, ਪੈਰਾ-ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਪੁਲਸ ਅਤੇ ਫਾਇਰ ਫਾਈਟਰ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਘਰ ਨੂੰ ਅੱਗ ਕਿਵੇਂ ਲੱਗੀ।