ਆਸਟ੍ਰੇਲੀਆ : ਕਤਲ ਦੇ ਦੋਸ਼ੀ ਨੂੰ ਮਿਲੀ 11 ਸਾਲਾਂ ਦੀ ਸਜ਼ਾ

03/19/2019 2:44:25 PM

ਬ੍ਰਿਸਬੇਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਏਅਰਨਬ ਦੇ ਇਕ ਹੋਸਟ 'ਤੇ ਆਪਣੇ ਗੈਸਟ ਨੂੰ ਮਾਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ 42 ਸਾਲਾ ਜੈਸੋਨ ਰੋਹਨ ਕਾਲਟੋਨ ਨੇ ਕਮਰਾ ਕਿਰਾਏ 'ਤੇ ਲੈਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 11 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 42 ਸਾਲਾ ਜੈਸੋਨ ਰੋਹਨ ਕਾਲਟੋਨ ਨੇ 36 ਸਾਲਾ ਰਾਮਿਜ਼ ਜੁਨੋਜ਼ੀ ਦਾ ਕਤਲ ਇਸ ਕਰਕੇ ਕੀਤਾ ਕਿਉਂਕਿ ਰਾਮਿਜ਼ ਕਿਰਾਏ 'ਤੇ ਲਏ ਕਮਰੇ ਦਾ ਕਿਰਾਇਆ ਨਹੀਂ ਦੇ ਸਕਿਆ ਸੀ। 

ਸਾਲ 2017 ਦੇ ਅਕਤੂਬਰ ਮਹੀਨੇ ਰਾਮਿਜ਼ ਜੁਨੋਜ਼ੀ ਨੇ ਮੈਲਬੌਰਨ 'ਚ ਇਕ ਕਮਰਾ ਕਿਰਾਏ 'ਤੇ ਲਿਆ ਸੀ। ਰਾਮਿਜ਼ ਨੇ 210 ਆਸਟ੍ਰੇਲੀਅਨ ਡਾਲਰਾਂ ਦੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਸੀ, ਇਸੇ ਲਈ ਜੈਸੋਨ ਗੁੱਸੇ 'ਚ ਆ ਗਿਆ । ਉਸ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ। ਰਾਮਿਜ਼ ਇੰਨਾ ਕੁ ਜ਼ਖਮੀ ਹੋ ਗਿਆ ਸੀ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ। ਜੈਸੋਨ ਦੇ ਦੋ ਸਾਥੀਆਂ ਨੂੰ ਪਹਿਲਾਂ ਹੀ 9 ਅਤੇ ਸਾਢੇ 7 ਸਾਲਾਂ ਦੀ ਸਜ਼ਾ ਹੋ ਚੁੱਕੀ ਹੈ ਅਤੇ ਹੁਣ ਅਦਾਲਤ ਨੇ ਜੈਸੋਨ ਨੂੰ ਵੀ ਦੋਸ਼ੀ ਕਰਾਰ ਦਿੰਦਿਆਂ 11 ਸਾਲਾਂ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਪਹਿਲੇ 8 ਸਾਲਾਂ ਤਕ ਪੈਰੋਲ ਨਹੀਂ ਲੈ ਸਕੇਗਾ।