ਕਰੋਨਾ ਵਾਇਰਸ ਦੀ ਦਹਿਸ਼ਤ : ਐਪਲ ਨੇ ਚੀਨ ਦੇ ਵੁਹਾਨ 'ਚੋਂ ਬੰਦ ਕੀਤੀਆਂ ਆਪਣੀਆਂ ਬ੍ਰਾਂਚਾਂ

01/29/2020 8:31:16 PM

ਕੈਲੀਫੋਰਨੀਆ (ਸਪੁਤਨਿਕ)- ਇਲੈਕਟ੍ਰਾਨਿਕ ਗੈਜੇਟ ਨਿਰਮਾਤਾ ਕੰਪਨੀ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਚੀਨ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਵੁਹਾਨ ਅਤੇ ਉਸ ਦੇ ਨੇੜੇ ਕੰਪਨੀ ਦੀਆਂ ਬਰਾਂਚਾਂ ਨੂੰ 10 ਫਰਵਰੀ ਤੱਕ ਲਈ ਬੰਦ ਕਰ ਦਿੱਤਾ ਹੈ। ਇਹ ਕਦਮ ਚੀਨ 'ਚ ਕਰੋਨਾ ਵਾਇਰਸ ਨਾਲ ਫੈਲੇ ਖਤਰੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਕਰੋਨਾ ਵਾਇਰਸ ਨੇ ਚੀਨ ਦੇ ਕਈ ਸ਼ਹਿਰਾਂ ਨੂੰ ਆਪਣੀ  ਲਪੇਟ ਵਿਚ ਲੈ ਲਿਆ ਹੈ। ਵੁਹਾਨ ਸ਼ਹਿਰ ਤਾਂ ਪੂਰੀ ਤਰ੍ਹਾਂ ਸੀਲ ਹੋ ਚੁੱਕਾ ਹੈ, ਜਿਸ ਕਾਰਨ ਉਥੇ ਸੜਕਾਂ 'ਤੇ ਸੰਨਾਟਾ ਛਾਇਆ ਹੋਇਆ ਹੈ।

ਕਰੋਨਾ ਵਾਇਰਸ ਕਾਰਨ ਆਈਫੋਨ ਦੀ ਵਿੱਕਰੀ 'ਤੇ ਪਿਆ ਅਸਰ : ਟਿਮ ਕੁਕ
ਇਸ ਤੋਂ ਇਲਾਵਾ ਐਪਲ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਚੀਨ ਯਾਤਰਾ ਵੀ ਸੀਮਤ ਕਰ ਦਿੱਤੀ ਹੈ। ਕੁਕ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਵਪਾਰ ਲਈ ਮੁਲਾਜ਼ਮਾਂ ਦੀ ਚੀਨ ਯਾਤਰਾ ਬਹੁਤ ਸੀਮਤ ਕਰ ਦਿੱਤੀ ਹੈ ਅਤੇ ਕਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੁਹਾਨ ਸ਼ਹਿਰ ਦੇ ਨੇੜਲੇ ਦਫਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜਾਂਚ ਕਿੱਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਹਿਰ ਕਾਰਨ ਕੰਪਨੀ ਦੀ ਵਿੱਕਰੀ ਵੀ ਪ੍ਰਭਾਵਿਤ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਚੀਨ ਵਿਚ ਕਰੋਨਾ ਵਾਇਰਸ ਦੇ ਕਹਿਰ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 5974 ਲੋਕਾਂ ਵਿਚ ਇਹ ਇਨਫੈਕਸ਼ਨ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ ਹਾਂਗਕਾਂਗ ਵਿਚ 8 ਮਕਾਉ ਤੋਂ 7 ਅਤੇ ਤਾਈਵਾਨ ਤੋਂ 8 ਅਜਿਹੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪੂਰੀ ਦੁਨੀਆ ਵਿਚ 9239 ਲੋਕਾਂ 'ਤੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਤਰਾ ਹੈ। ਇਹ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
 


Sunny Mehra

Content Editor

Related News