ਆਸਟ੍ਰੇਲੀਆ ਗਏ ਭਾਰਤੀ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੀ ਜਾਨ

10/26/2017 12:03:53 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ 'ਚ ਸਟੱਡੀ ਵੀਜ਼ੇ 'ਤੇ ਗਏ ਭਾਰਤੀ ਵਿਦਿਆਰਥੀ ਦੀ ਜਾਨ ਵਾਲ-ਵਾਲ ਬਚ ਗਈ। ਦਰਅਸਲ ਭਾਰਤੀ  ਵਿਦਿਆਰਥੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪੱਛਮੀ ਮੈਲਬੌਰਨ 'ਚ ਵਾਪਰਿਆ। ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਅਤੇ ਸੜਕ 'ਤੇ ਫਿਸਲਣ ਕਾਰਨ ਇਕ ਦਮ ਮੂਧੇ ਮੂੰਹ ਜਾ ਡਿੱਗੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਹੈ।
ਕਾਰ ਨੂੰ 20 ਸਾਲਾ ਭਾਰਤੀ ਵਿਦਿਆਰਥੀ ਚਲਾ ਰਿਹਾ ਸੀ ਅਤੇ ਹਾਦਸੇ ਦੇ ਸਮੇਂ ਉਸ 'ਚ 17 ਸਾਲਾ ਨੌਜਵਾਨ ਵੀ ਸਵਾਰ ਸੀ। ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ ਕਾਰ ਨੂੰ ਚਲਾਉਣ ਵਾਲਾ ਭਾਰਤੀ ਡਰਾਈਵਰ ਕਿਸੇ ਹੋਰ ਕਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਤਿੱਖਾ ਮੋੜ ਆਉਣ ਕਾਰਨ ਕਾਰ ਬੇਕਾਬੂ ਹੋ ਗਈ। ਉਸ ਸਮੇਂ ਮੀਂਹ ਪੈ ਰਿਹਾ ਸੀ ਅਤੇ ਕਾਰ ਪਲਟਣ ਤੋਂ ਬਾਅਦ ਦੋਵੇਂ ਨੌਜਵਾਨ ਸੁਰੱਖਿਅਤ ਬਾਹਰ ਨਿਕਲ ਆਏ। ਕਿਸੇ ਤਰ੍ਹਾਂ ਦੀ ਅਣਹੋਣੀ ਨਹੀਂ ਵਾਪਰੀ। ਵਿਕਟੋਰੀਆ ਪੁਲਸ ਨੇ ਕਿਹਾ ਕਿ ਦੋਵੇਂ ਬਹੁਤ ਕਿਸਮਤ ਵਾਲੇ ਹਨ ਕਿ ਕੋਈ ਅਣਹੋਣੀ ਨਹੀਂ ਵਾਪਰੀ, ਨਹੀਂ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਸਕਦੇ ਸਨ। ਪੁਲਸ ਦਾ ਕਹਿਣਾ ਹੈ ਕਿ 20 ਸਾਲਾ ਭਾਰਤੀ ਵਿਦਿਆਰਥੀ ਭਾਰਤੀ ਲਾਇਸੈਂਸ 'ਤੇ ਡਰਾਈਵਿੰਗ ਕਰ ਰਿਹਾ ਸੀ।