''ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ਰ'' ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ

01/14/2020 3:34:10 PM

ਲੰਡਨ/ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ)— ਵਿਦੇਸ਼ਾਂ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚੋਂ ਪੰਥ ਦੀ ਚੜ੍ਹਦੀ ਕਲਾ ਲਈ ਰੁੱਝੀਆਂ ਸੰਸਥਾਵਾਂ ਤੇ ਸੰਗਤ ਵਧਾਈ ਦੀਆਂ ਪਾਤਰ ਹਨ ਜੋ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਅਤੇ ਪੰਥ ਨੂੰ ਵੀ ਬਰਾਬਰ ਅਹਿਮੀਅਤ ਦਿੰਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ਰ ਗਰੇਵਜ਼ੈਡ ਵੱਲੋਂ ਉਨ੍ਹਾਂ ਦੀ ਇੰਗਲੈਂਡ ਫੇਰੀ ਦੌਰਾਨ ਰੱਖੇ ਸਨਮਾਨ ਸਮਾਗਮ ਦੌਰਾਨ ਕੀਤਾ।

ਪਿਛਲੇ ਸਮੇਂ ਦੌਰਾਨ ਕੀਤੇ ਗਏ ਸੰਸਥਾ ਦੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸਿੰਘ ਸਾਹਿਬ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੀਆਂ ਸੰਸਥਾਵਾਂ ਦੀ ਕੌਮ ਨੂੰੰ ਹੋਰ ਵੀ ਲੋੜ ਹੈ। ਇਹ ਉਪਰਾਲੇ ਭਾਵੇਂ ਮੂਲ ਰੂਪ ਵਿੱਚ ਵੇਖਣ ਨੂੰ ਛੋਟੇ ਲਗਦੇ ਹਨ ਪਰ ਇਨ੍ਹਾਂ ਦੇ ਸਿੱਟੇ ਦੂਰਗਾਮੀ ਹੁੰਦੇ ਹਨ ਅਤੇ ਖਾਸ ਤੌਰ 'ਤੇ ਬਾਹਰਲੇ ਦੇਸ਼ਾਂ ਵਿੱਚ ਇਸ ਦੀ ਪ੍ਰਸੰਗਤਾ ਹੋਰ ਵੀ ਵਧ ਜਾਂਦੀ ਹੈ।

ਸਿੰਘ ਸਾਹਿਬ ਨੇ ਇਸ ਸੰਸਥਾ ਨੂੰ ਲਗਾਤਾਰ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ। ਇਸ ਸਮੇਂ ਬੋਲਦਿਆਂ ਸੰਸਥਾ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਕਿਹਾ ਕਿ ਸਾਡੀ ਸੰਸਥਾ ਸਿੱਖੀ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਵਚਨਬੱਧ ਹੈ ਤੇ ਅਜਿਹੀ ਹੱਲਾਸ਼ੇਰੀ ਉਹਨਾਂ ਨੂੰ ਹੋਰ ਵਧੇਰੇ ਊਰਜਾ ਨਾਲ ਕੰਮ ਕਰਨ ਦਾ ਬਲ ਬਖ਼ਸ਼ਦੀ ਹੈ। ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ, ਪ੍ਰਧਾਨ ਸੁਖਬੀਰ ਸਿੰਘ ਸਹੋਤਾ ਅਤੇ ਸੰਸਥਾ ਦੇ ਨਿਸ਼ਕਾਮ ਅਹੁਦੇਦਾਰਾਂ ਵੱਲੋਂ ਸਿੰਘ ਸਾਹਿਬ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਸਿੰਘ ਸਭਾ ਗੁਰੂਘਰ ਸਾਊਥਾਲ, ਸਰਪੰਚ ਹਰਜੀਤ ਸਿੰਘ ਮੀਤ ਪ੍ਰਧਾਨ ਗੁਰੂਘਰ ਸਾਊਥਾਲ, ਆਗਿਆਕਰ ਸਿੰਘ ਬਡਾਲਾ ਸੀਨੀਅਰ ਅਕਾਲੀ ਲੀਡਰ, ਮੇਜਰ ਸਿੰਘ ਬਾਸੀ ਪ੍ਰਧਾਨ ਗੁਰੂਘਰ ਸਿੰਘ ਸਭਾ ਲੰਡਨ ਈਸਟ, ਗੁਰਦੇਵ ਸਿੰਘ ਹੁੰਦਲ ਸਟੇਜ ਸਕੱਤਰ ਗੁਰੂਘਰ ਸਿੰਘ ਸਭਾ ਈਸਟ ਲੰਡਨ ਆਦਿ ਹਾਜ਼ਰ ਸਨ।