ਹਿੰਸਕ ਵਿਖਾਵਾਕਾਰੀ ''ਅੱਤਵਾਦੀਆਂ ਵਾਂਗ'' ਹਨ : ਚੀਨ

08/18/2019 8:22:23 AM

ਕੋਵਲੂਨ— ਹਾਂਗਕਾਂਗ 'ਚ ਲੋਕਤੰਤਰ ਸਮਰਥਕ ਵਰਕਰਾਂ ਨੇ ਅੰਦੋਲਨ ਨੂੰ ਤੇਜ਼ ਕਰਦਿਆਂ ਹੋਇਆਂ ਹਫਤੇ 'ਚ ਦੋ ਰੈਲੀਆਂ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕੀਤਾ। ਇਸ ਤਹਿਤ ਸ਼ਨੀਵਾਰ ਨੂੰ ਰੈਲੀ ਨਾਲ ਮਾਰਚ ਕੱਢਿਆ ਗਿਆ। ਵਰਕਰਾਂ ਦੀਆਂ ਇਹ ਰੈਲੀਆਂ ਅੰਦੋਲਨ ਦੀ ਇਕ ਵੱਡੀ ਪ੍ਰੀਖਿਆ ਹੋਵੇਗੀ ਕਿਉਂਕਿ ਇਸ ਹਫਤੇ ਦੇ ਸ਼ੁਰੂ 'ਚ ਹਵਾਈ ਅੱਡੇ 'ਤੇ ਪ੍ਰਦਰਸ਼ਨ ਦੀ ਆਲੋਚਨਾ ਹੋਈ ਸੀ। ਨਾਲ ਹੀ ਚੀਨ ਦੇ ਅਗਲੇ ਕਦਮ ਨੂੰ ਲੈ ਕੇ ਚਿੰਤਾਵਾਂ ਵੀ ਵਧ ਗਈਆਂ ਹਨ।
ਪਿਛਲੇ 10 ਹਫਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਨੇ ਇਸ ਕੌਮਾਂਤਰੀ ਆਰਥਿਕ ਕੇਂਦਰ ਨੂੰ ਸੰਕਟ 'ਚ ਪਾ ਦਿੱਤਾ ਹੈ ਕਿਉਂਕਿ ਚੀਨ ਦੇ ਸ਼ਾਸਨ ਨੇ ਸਖ਼ਤ ਰੁਖ਼ ਅਪਣਾ ਰੱਖਿਆ ਹੈ। ਚੀਨ ਨੇ ਹਿੰਸਕ ਵਿਖਾਵਾਕਾਰੀਆਂ ਦੇ ਕਦਮ ਨੂੰ 'ਅੱਤਵਾਦੀਆਂ ਵਾਂਗ' ਕਰਾਰ ਦਿੱਤਾ ਹੈ। ਵਿਖਾਵਾਕਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਰੈਲੀਆਂ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਰਾਹੀਂ ਚੀਨ ਅਤੇ ਸ਼ਹਿਰ ਦੇ ਨਾ ਚੁਣੇ ਹੋਏ ਨੇਤਾਵਾਂ ਨੂੰ ਇਹ ਦਿਖਾਉਣਾ ਹੈ ਕਿ ਉਨ੍ਹਾਂ ਦੇ ਅੰਦੋਲਨ ਨੂੰ ਅਜੇ ਵੀ ਵਿਆਪਕ ਜਨ-ਸਮਰਥਨ ਹਾਸਲ ਹੈ।

ਮੰਗਲਵਾਰ ਨੂੰ ਵਿਖਾਵਾਕਾਰੀਆਂ ਨੇ ਸ਼ਹਿਰ ਦੇ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਉਡਾਣਾਂ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਸੀ ਅਤੇ ਬਾਅਦ 'ਚ ਦੋ ਮਰਦਾਂ ਦੀ ਕੁੱਟ-ਮਾਰ ਕੀਤੀ, ਜਿਸ 'ਤੇ ਉਨ੍ਹਾਂ ਨੇ ਚੀਨ ਦਾ ਜਾਸੂਸ ਹੋਣ ਦੋਸ਼ ਲਾਇਆ ਸੀ। ਚੀਨੀ ਸਰਕਾਰੀ ਮੀਡੀਆ ਨੇ ਸ਼ੇਨਜੇਨ 'ਚ ਸਰਹੱਦ ਨੇੜੇ ਫੌਜੀਆਂ ਅਤੇ ਬਖਤਰਬੰਦ ਵਾਹਨਾਂ ਦੀ ਮੌਜੂਦਗੀ ਦੀਆਂ ਫੋਟੋਆਂ ਛਾਪੀਆਂ ਸਨ, ਉਥੇ ਅਮਰੀਕਾ ਨੇ ਚੀਨ ਨੂੰ ਫੌਜ ਭੇਜਣ ਦੇ ਖਿਲਾਫ ਚੌਕਸ ਕੀਤਾ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਦਾ ਇਹ ਕਦਮ ਉਸ ਦੀ ਸਾਖ ਦੇ ਨਾਲ ਹੀ ਆਰਥਿਕ ਸੰਕਟ ਦਾ ਮਾਮਲਾ ਬਣ ਸਕਦਾ ਹੈ।