ਹਾਂਗਕਾਂਗ ਪ੍ਰਦਰਸ਼ਨਕਾਰੀਆਂ ਨੂੰ ਮਿਲੀ ਨਵੀਂ ਆਵਾਜ਼, ਰਿਹਾਅ ਹੋਇਆ ਜੋਸ਼ੁਆ ਵੋਂਗ

06/17/2019 12:54:24 PM

ਹਾਂਗਕਾਂਗ— ਹਾਂਗਕਾਂਗ ਦੇ ਮੁੱਖ ਲੋਕਤੰਤਰ ਸਮਰਥਕ ਕਾਰਜਕਰਤਾ ਜੋਸ਼ੁਆ ਵੋਂਗ ਦੀ ਰਿਹਾਈ ਨਾਲ ਪ੍ਰਦਰਸ਼ਨਕਾਰੀਆਂ ਨੂੰ ਇਕ ਨਵੀਂ ਆਵਾਜ਼ ਮਿਲ ਗਈ ਹੈ । ਵੋਂਗ ਨੇ ਸ਼ਹਿਰ ਦੀ ਬੀਜਿੰਗ ਸਮਰਥਕ ਨੇਤਾ ਕੈਰੀ ਲਾਮ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਉਹ ਸੋਮਵਾਰ ਨੂੰ ਅਜਿਹੇ ਸਮੇਂ ਜੇਲ 'ਚੋਂ ਰਿਹਾਅ ਹੋਇਆ ਜਦ ਸ਼ਹਿਰ 'ਚ ਸਰਕਾਰ ਵਿਰੋਧੀ ਇਤਿਹਾਸਕ ਪ੍ਰਦਰਸ਼ਨ ਹੋ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਤਕਰੀਬਨ 20 ਲੱਖ ਲੋਕਾਂ ਨੇ ਐਤਵਾਰ ਨੂੰ ਭਿਆਨਕ ਗਰਮੀ 'ਚ ਕੈਰੀ ਲਾਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ। ਪ੍ਰਦਰਸ਼ਨਾਂ ਦੇ ਦਬਾਅ 'ਚ ਆ ਕੇ ਲਾਮ ਨੇ ਚੀਨ ਦੇ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਬਿੱਲ ਨੂੰ ਵਾਪਸ ਲੈ ਲਿਆ ਸੀ। 

ਸਾਲ 2014 'ਚ ਲੋਕਤੰਤਰ ਸਮਰਥਕ 'ਅੰਬਰੇਲਾ ਮੂਵਮੈਂਟ' ਪ੍ਰਦਰਸ਼ਨ ਦੇ ਪੋਸਟਰ 'ਤੇ ਛਾਣ ਵਾਲਾ ਬੱਚਾ ਜੋਸ਼ੁਆ ਵੋਂਗ ਨੇਤਾ ਲਾਮ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਲੋਕਾਂ 'ਚ ਨਵੀਂ ਆਵਾਜ਼ ਹੈ। ਉਸ ਨੂੰ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ 'ਤੇ ਦਿੱਤੀ ਸਜ਼ਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ। 

ਵੋਂਗ ਨੇ ਪੱਤਰਕਾਰਾਂ ਨੂੰ ਕਿਹਾ,''ਉਹ ਹਾਂਗਕਾਂਗ ਦੀ ਨੇਤਾ ਬਣੇ ਰਹਿਣ ਦੇ ਕਾਬਲ ਨਹੀਂ  ਹੈ। ਉਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਅਸਤੀਫਾ ਦੇਣਾ ਚਾਹੀਦਾ ਹੈ। ਜਵਾਬਦੇਹੀ ਲਓ ਅਤੇ ਅਸਤੀਫਾ ਦਿਓ । ਅੱਜ ਜੇਲ ਤੋਂ ਰਿਹਾਅ ਹੋਣ ਦੇ ਬਾਅਦ ਮੈਂ ਚੀਨ ਹਵਾਲਗੀ ਕਾਨੂੰਨ ਦਾ ਵਿਰੋਧ ਕਰਨ ਲਈ ਸਾਰੇ ਹਾਂਗਕਾਂਗ ਵਾਸੀਆਂ ਨਾਲ ਲੜਾਂਗਾ।'' ਵੋਂਗ ਨੂੰ ਮਈ 'ਚ ਜੇਲ ਭੇਜਿਆ ਗਿਆ ਸੀ ਤੇ ਉਸ ਦੇ ਚੰਗੇ ਵਿਵਹਾਰ ਕਾਰਨ ਉਸ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ। ਉਸ ਦੀ ਰਿਹਾਈ ਦਾ ਮੌਜੂਦਾ ਪ੍ਰਦਰਸ਼ਨਾਂ ਕਾਰਨ ਕਿਸੇ ਤਰ੍ਹਾਂ ਦੇ ਸਬੰਧਾਂ ਦਾ ਸੰਕੇਤ ਨਹੀਂ ਮਿਲਿਆ ਹੈ।


Related News