ਹਾਂਗਕਾਂਗ : 44 ਪ੍ਰਦਰਸ਼ਨਕਾਰੀਆਂ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ

07/31/2019 9:21:00 AM

ਪੇਈਚਿੰਗ— ਚੀਨ ਨੇ ਹਾਂਗਕਾਂਗ 'ਚ ਹਾਲੀਆ ਝੜਪਾਂ ਦੌਰਾਨ ਹਿਰਾਸਤ 'ਚ ਲਏ 44 ਪ੍ਰਦਰਸ਼ਨਕਾਰੀਆਂ 'ਤੇ ਦੰਗਾ ਕਰਨ ਦਾ ਮਾਮਲਾ ਦਰਜ ਕੀਤਾ ਹੈ, ਜਿਸ 'ਚ 10 ਸਾਲ ਤੱਕ ਦੀ ਜੇਲ ਦੀ ਸਜ਼ਾ ਦੀ ਵਿਵਸਥਾ ਹੈ। ਹਾਂਗਕਾਂਗ ਨੇ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਨੂੰ ਲੈ ਕੇ ਅਮਰੀਕਾ 'ਤੇ ਆਪਣਾ ਹਮਲਾ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਹਾਂਗਕਾਂਗ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨਾਂ ਦੇ ਪਿੱਛੇ ਵਾਸ਼ਿੰਗਟਨ ਦਾ ਹੱਥ ਹੈ। ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਹਾਲ ਹੀ ਦੇ ਉਸ ਬਿਆਨ 'ਤੇ ਵੀ ਸਵਾਲ ਖੜ੍ਹੇ ਕੀਤੇ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਹਾਂਗਕਾਂਗ 'ਚ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ 'ਚ ਚੀਨ ਨੂੰ 'ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ'। ਚੁਨਯਿੰਗ ਨੇ ਪੋਂਪੀਓ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੇਰਾ ਮੰਨਣਾ ਹੈ ਕਿ ਪੋਂਪੀਓ ਖੁਦ ਨੂੰ ਸਹੀ ਸਥਿਤੀ 'ਚ ਨਹੀਂ ਰੱਖ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਅਜੇ ਵੀ ਖੁਦ ਨੂੰ ਸੀ. ਆਈ. ਏ. ਮੁਖੀ ਸਮਝਦੇ ਹਨ। ਉਹ ਸੋਚਦੇ ਹਨ ਕਿ ਹਾਂਗਕਾਂਗ 'ਚ ਹਿੰਸਕ ਰਵੱਈਆ ਸਹੀ ਨਹੀਂ ਹੈ ਕਿਉਂਕਿ ਅਮਰੀਕਾ ਨੇ ਵੀ ਇਸ 'ਚ ਯੋਗਦਾਨ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਨੇ ਰੋਕੀ ਜ਼ਮੀਂਦੋਜ਼ ਟਰੇਨ ਸੇਵਾ—
ਹਾਂਗਕਾਂਗ 'ਚ ਕਾਫੀ ਲੰਬੇ ਸਮੇਂ ਤੋਂ ਜਾਰੀ ਚੀਨ ਵਿਰੋਧੀ ਪ੍ਰਦਰਸ਼ਨ ਦੇ ਤਹਿਤ ਮੰਗਲਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸਵੇਰੇ ਆਵਾਜਾਈ ਨੂੰ ਰੋਕਦੇ ਹੋਏ ਜ਼ਮੀਂਦੋਜ਼ ਟਰੇਨ ਸੇਵਾ 'ਚ ਰੁਕਾਵਟ ਪਾ ਦਿੱਤੀ। ਜ਼ਮੀਂਦੋਜ਼ ਰੇਲ ਆਪ੍ਰੇਟਰ 'ਐੱਮ. ਟੀ. ਆਰ.' ਨੇ ਕਿਹਾ ਕਿ ਦੀਪ ਅਤੇ ਕੁਆਨਟੋਂਗ ਲਾਈਨਾਂ 'ਤੇ ਸੇਵਾ 'ਚ ਦੇਰੀ ਹੋਈ ਅਤੇ ਰੇਲ ਸੇਵਾ ਅੰਸ਼ਿਕ ਤੌਰ 'ਤੇ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀਆਂ ਨੇ ਕਈ ਸਟੇਸ਼ਨਾਂ 'ਤੇ ਘੰਟਿਆਂ ਬੱਧੀ ਰੇਲ ਸੇਵਾ 'ਚ ਰੁਕਾਵਟ ਪਾਈ। ਐੱਮ. ਟੀ. ਆਰ. ਨੇ ਸਥਿਤੀ ਨਾਲ ਨਜਿੱਠਣ ਲਈ ਮਿੰਨੀ ਬੱਸ ਉਪਲੱਬਧ ਕਰਵਾਈ ਅਤੇ ਦੁਪਹਿਰ ਤਕ ਸੇਵਾ ਆਮ ਵਾਂਗ ਸ਼ੁਰੂ ਹੋ ਗਈ।

ਜ਼ਿਕਰਯੋਗ ਹੈ ਕਿ ਹਾਂਗਕਾਂਗ 'ਚ ਕਾਫੀ ਲੰਬੇ ਸਮੇਂ ਤੋਂ ਚੀਨ ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਇਸ ਦੀ ਸ਼ੁਰੂਆਤ ਉਸ ਵਿਵਾਦਪੂਰਨ ਬਿੱਲ ਨੂੰ ਲੈ ਕੇ ਹੋਈ ਸੀ, ਜਿਸ ਦਾ ਮਕਸਦ ਚੀਨ ਨੂੰ ਹਵਾਲਗੀ ਦੀ ਮਨਜ਼ੂਰੀ ਦੇਣਾ ਸੀ। ਹਾਲਾਂਕਿ ਇਹ ਵਿਰੋਧ ਪ੍ਰਦਰਸ਼ਨ ਹੁਣ ਵਿਆਪਕ ਲੋਕਤੰਤਰ ਸੁਧਾਰਾਂ ਦੀ ਮੰਗ 'ਚ ਤਬਦੀਲ ਹੋ ਗਿਆ ਹੈ। ਹਾਂਗਕਾਂਗ ਦੀ ਸਰਕਾਰ ਅਤੇ ਚੀਨ ਦੇ ਅਧਿਕਾਰੀਆਂ ਨੇ ਟਕਰਾਅ ਵਧਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।