ਨਕਾਬ ਪਾਬੰਦੀ ਦੀ ਉਲੰਘਣਾ ਮਾਮਲੇ ''ਚ ਦੋ ਪ੍ਰਦਰਸ਼ਨਕਾਰੀ ਅਦਾਲਤ ''ਚ ਪੇਸ਼

10/07/2019 11:40:22 AM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਹਫਤੇ ਦੇ ਅਖੀਰ ਵਿਚ ਹਿੰਸਕ ਸੰਘਰਸ਼ ਹੋਇਆ। ਸੋਮਵਾਰ ਨੂੰ ਹਾਂਗਕਾਂਗ ਦੇ ਦੋ ਪ੍ਰਦਰਸ਼ਨਕਾਰੀ ਨਕਾਬ ਪਾਉਣ 'ਤੇ ਲੱਗੀ ਨਵੀਂ ਪਾਬੰਦੀ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਏ। ਸ਼ਹਿਰ ਦੀ ਬੀਜਿੰਗ ਸਮਰਥਕ ਨੇਤਾ ਕੈਰੀ ਲਾਮ ਨੇ ਬਸਤੀਵਾਦੀ ਸਮੇਂ ਦੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਪ੍ਰਦਰਸ਼ਨ ਦੌਰਾਨ ਚਿਹਰਾ ਢਕਣ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਮਗਰੋਂ ਹਾਂਗਕਾਂਗ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੈਲੀਆਂ ਅਤੇ ਦੰਗੇ ਹੋ ਰਹੇ ਹਨ।

ਲਾਮ ਨੇ ਕਿਹਾ ਕਿ ਚਾਰ ਮਹੀਨਿਆਂ ਤੋਂ ਜਾਰੀ ਲੋਕਤੰਤਰ ਸਮਰਥਕ ਰੈਲੀਆਂ 'ਤੇ ਰੋਕ ਲਗਾਉਣ ਲਈ ਇਹ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਅਰਾਜਕਤਾ ਖਤਮ ਨਹੀਂ ਹੋਈ ਹੈ। ਇਕ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਅਤੇ 38 ਸਾਲਾ ਮਹਿਲਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਕਾਬ ਪਾਉਣ ਦੇ ਮਾਮਲੇ ਵਿਚ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਅਦਾਲਤ ਵਿਚ ਕਿਸੇ ਨੂੰ ਪੇਸ਼ ਕੀਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਦੌਰਾਨ ਕਈ ਲੋਕ ਆਪਣਾ ਚਿਹਰਾ ਢੱਕ ਕੇ ਅਦਾਲਤ ਦੀ ਕਾਰਵਾਈ ਦੇਖਣ ਲਈ ਪਹੁੰਚੇ। ਦੋਹਾਂ ਪ੍ਰਦਰਸ਼ਨਕਾਰੀਆਂ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ ਅਤੇ ਨਕਾਬ ਪਾਉਣ 'ਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। 

ਜਾਣਕਾਰੀ ਮੁਤਾਬਕ ਪਹਿਲਾ ਦੋਸ਼ ਸਾਬਤ ਹੋਣ 'ਤੇ ਤਿੰਨ ਸਾਲ ਅਤੇ ਦੂਜਾ ਦੋਸ਼ ਸਾਬਤ ਹੋਣ 'ਤੇ ਵੱਧ ਤੋਂ ਵੱਧ ਇਕ ਸਾਲ ਦੀ ਸਜ਼ਾ ਹੋ ਸਕਦੀ ਹੈ। ਬਾਅਦ ਵਿਚ ਦੋਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅਦਾਲਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ 'ਨਕਾਬ ਪਾਉਣਾ ਅਪਰਾਧ ਨਹੀਂ ਹੈ' ਅਤੇ 'ਕਾਨੂੰਨ ਗਲਤ ਹੈ' ਦੇ ਨਾਅਰੇ ਲਗਾਏ। ਕਈ ਪ੍ਰਦਰਸ਼ਨਕਾਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਇਸ ਪਾਬੰਦੀ ਦੇ ਬਾਅਦ ਹੋਰ ਐਮਰਜੈਂਸੀ ਆਦੇਸ਼ ਲਾਗੂ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਦੌਰਾਨ ਚੀਨੀ ਪ੍ਰਸਾਰਕ 'ਸੀ.ਸੀ.ਟੀ.ਵੀ.' ਨੇ 'ਹਿਊਸਟਨ ਰਾਕੇਟ' ਦੇ ਮੈਚਾਂ ਦਾ ਪ੍ਰਸਾਰਣ ਰੋਕਣ ਦਾ ਐਲਾਨ ਕੀਤਾ ਹੈ। ਹਿਊਸਟਨ ਰਾਕੇਟ ਅਮਰੀਕਾ ਦੀ ਪੇਸ਼ੇਵਰ ਬਾਸਕਟਬਾਲ ਟੀਮ ਹੈ।

Vandana

This news is Content Editor Vandana