ਹਾਂਗਕਾਂਗ : ਅਣਪਛਾਤੇ ਵਿਅਕਤੀ ਨੇ ਪ੍ਰਦਰਸ਼ਨਕਾਰੀਆਂ ''ਤੇ ਕੀਤਾ ਚਾਕੂ ਹਮਲਾ

08/21/2019 9:36:26 AM

ਹਾਂਗਕਾਂਗ (ਏਜੰਸੀ)— ਹਾਂਗਕਾਂਗ 'ਚ ਇਕ ਅਣਪਛਾਤੇ ਵਿਅਕਤੀ ਨੇ ਲੋਕਾਂ ਤੋਂ ਵਿਰੋਧ ਪ੍ਰਦਰਸ਼ਨਾਂ 'ਤੇ ਉਨ੍ਹਾਂ ਦੀ ਰਾਇ ਪੁੱਛਣ ਦੇ ਬਾਅਦ ਉਨ੍ਹਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਚਾਕੂਬਾਜ਼ੀ 'ਚ 3 ਵਿਅਕਤੀ ਜ਼ਖਮੀ ਹੋ ਗਏ। ਹਮਲਾ ਮੰਗਲਵਾਰ ਨੂੰ ਮਸ਼ਹੂਰ ਲੇਨਨ ਕੰਧ ਕੋਲ ਹੋਇਆ। ਇਕ ਔਰਤ ਦੇ ਸਿਰ 'ਤੇ ਸੱਟ ਲੱਗੀ ਹੈ ਤੇ ਉਸ ਦੀ ਹਾਲਤ ਗੰਭੀਰ ਹੈ।

ਪੁਲਸ ਮੁਤਾਬਕ,''ਇਹ ਹਮਲਾ ਸੇਉਂਗ ਵਾਨ ਦੀ ਇਕ ਸੁਰੰਗ 'ਚ ਦੇਰ ਰਾਤ 1.35 'ਤੇ ਹੋਇਆ। ਹਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ 4-5 ਲੋਕ ਭੱਜਦੇ ਦਿਖਾਈ ਦੇ ਰਹੇ ਹਨ। ਇਕ ਔਰਤ ਚੀਕ ਰਹੀ ਸੀ ਤੇ ਕਹਿ ਰਹੀ ਸੀ ਕਿ ਉਸ ਦੇ ਹੱਥ 'ਚ ਚਾਕੂ ਹੈ, ਉਹ ਸਭ ਨੂੰ ਮਾਰ ਰਿਹਾ ਹੈ। ਇਹ ਹੋਰ ਵਿਅਕਤੀ ਪੁਲਸ ਨੂੰ ਬੁਲਾਉਣ ਦੀ ਗੱਲ ਕਰ ਰਿਹਾ ਸੀ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਕ ਵਿਅਕਤੀ ਸਾਡੇ ਕੋਲ ਆਇਆ। ਉਸ ਨੇ ਸਾਨੂੰ ਪੁੱਛਿਆ ਕਿ ਅਸੀਂ ਪ੍ਰਦਰਸ਼ਨ ਬਾਰੇ ਕੀ ਸੋਚਦੇ ਹਾਂ। ਜਦ ਅਸੀਂ ਆਪਣੀ ਗੱਲ ਉਸ ਅੱਗੇ ਰੱਖੀ ਤਾਂ ਉਸ ਨੇ ਕਿਹਾ ਕਿ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਦੇ ਬਾਅਦ ਉਸ ਨੇ ਜੇਬ 'ਚੋਂ ਚਾਕੂ ਕੱਢ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।  

ਜ਼ਿਕਰਯੋਗ ਹੈ ਕਿ ਚੀਨ ਹਵਾਲਗੀ ਸਬੰਧੀ ਪੇਸ਼ ਕਾਨੂੰਨ ਦੇ ਵਿਰੋਧ 'ਚ ਹਾਂਗਕਾਂਗ 'ਚ 11 ਹਫਤਿਆਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਪ੍ਰਦਰਸ਼ਨਕਾਰੀ ਕਾਨੂੰਨ ਵਾਪਸ ਲੈਣ ਦੇ ਨਾਲ ਹੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲਾਮ ਦੇ ਅਸਤੀਫੇ ਅਤੇ ਲੋਕਤੰਤਰੀ ਸੁਧਾਰਾਂ ਦੀ ਮੰਗ ਕਰ ਰਹੇ ਹਨ।