ਜਬਰ ਜ਼ਨਾਹ ਨੇ ਤੋੜ ਦਿੱਤੇ ਜਿਊਣ ਦੇ ਸੁਪਨੇ, ਲਈ ''ਇੱਛਾ ਮੌਤ''

06/06/2019 2:00:53 PM

ਨੀਦਰਲੈਂਡ—  ਜਬਰ ਜ਼ਨਾਹ ਵਰਗੀਆਂ ਘਟਨਾਵਾਂ ਔਰਤਾਂ ਨੂੰ ਸਰੀਰਕ ਤੇ ਮਾਨਸਿਕ ਦੁੱਖ-ਤਕਲੀਫ ਦੇ ਜਾਂਦੀਆਂ ਹਨ, ਜਿਨ੍ਹਾਂ ਨੂੰ ਭੁੱਲ ਸਕਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਉਹ ਡਿਪ੍ਰੈਸ਼ਨ 'ਚ ਚਲੀਆਂ ਜਾਂਦੀਆਂ ਹਨ ਤੇ ਅਜਿਹਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦੀਆਂ ਹਨ ਕਿ ਖੁਦਕੁਸ਼ੀ ਕਰ ਲੈਂਦੀਆਂ ਹਨ। ਖੁਦ 'ਤੇ ਅਜਿਹਾ ਸੰਤਾਪ ਹੰਢਾਉਣ ਮਗਰੋਂ ਨੀਦਰਲੈਂਡ ਦੀ 17 ਸਾਲਾ ਇਕ ਕੁੜੀ ਨੇ ਇੱਛਾ ਮੌਤ ਮੰਗੀ ਅਤੇ ਐਤਵਾਰ ਨੂੰ ਉਸ ਨੇ ਆਖਰੀ ਸਾਹ ਲਿਆ। ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਉਸ ਦੀ ਮੌਤ ਸਾਧਾਰਣ ਕਾਰਨਾਂ ਕਰਕੇ ਹੋਈ ਹੈ।

ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਨੋਵਾ ਨਾਲ ਜਬਰ ਜ਼ਨਾਹ ਹੋਇਆ ਸੀ ਜਿਸ ਕਾਰਨ ਉਹ ਡਿਪ੍ਰੈਸ਼ਨ 'ਚ ਸੀ। ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਕੁੱਝ ਨਾ ਦੱਸਿਆ ਪਰ ਪਿਛਲੇ ਸਾਲ ਉਸ ਨੇ ਇੱਛਾ ਮੌਤ ਲਈ ਅਪੀਲ ਕੀਤੀ ਤਾਂ ਉਸ ਦੇ ਮਾਂ-ਬਾਪ ਇਹ ਜਾਣ ਕੇ ਹੈਰਾਨ ਹੋ ਗਏ।  ਨੋਵਾ ਨੇ ਇਕ ਕਿਤਾਬ ਵੀ ਲਿਖੀ ਸੀ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ। ਮਰਨ ਤੋਂ ਕੁੱਝ ਦਿਨ ਪਹਿਲਾਂ ਨੋਵਾ ਨੇ ਆਪਣੀ ਆਖਰੀ ਪੋਸਟ 'ਚ ਦੱਸਿਆ,''ਮੈਂ ਅਗਲੇ 10 ਦਿਨਾਂ 'ਚ ਮਰਨ ਵਾਲੀ ਹਾਂ। ਮੈਂ ਜ਼ਿੰਦਗੀ ਨਾਲ ਸੰਘਰਸ਼ ਕਰਕੇ ਹਾਰ ਚੁੱਕੀ ਹਾਂ ਤੇ ਖਾਣਾ-ਪੀਣਾ ਵੀ ਛੱਡ ਦਿੱਤਾ ਹੈ। ਮੈਂ ਸਾਹ ਲੈ ਰਹੀ ਹਾਂ ਪਰ ਜਿਊਂਦੀ ਨਹੀਂ ਹਾਂ। ਮੈਂ ਅਜਿਹੇ ਦਰਦ 'ਚੋਂ ਲੰਘ ਰਹੀ ਜੋ ਸਹਿਣ ਨਹੀਂ ਹੋ ਰਿਹਾ। ਬਹੁਤਾ ਪਿਆਰ ਦੇ ਕੇ ਮੇਰਾ ਮਨ ਬਦਲਣ ਦੀ ਕੋਸ਼ਿਸ਼ ਨਾ ਕਰਨਾ, ਮੇਰੇ ਮਾਮਲੇ 'ਚ ਪਿਆਰ ਖਤਮ ਹੋ ਚੁੱਕਾ ਹੈ।'' ਇਸ ਦੇ ਕੁੱਝ ਦਿਨਾਂ ਬਾਅਦ ਨੋਵਾ ਦੀ ਮੌਤ ਹੋ ਗਈ ਤੇ ਉਸ ਦੇ ਜ਼ਿੰਦਗੀ ਲਈ ਲਏ ਗਏ ਸਾਰੇ ਸੁਪਨੇ ਟੁੱਟ ਗਏ। ਜ਼ਿਕਰਯੋਗ ਹੈ ਕਿ ਕੁਝ ਦੇਸ਼ਾਂ 'ਚ ਲੋਕਾਂ ਨੂੰ ਆਪਣੀ ਇੱਛਾ ਨਾਲ ਆਪਣੀ ਜ਼ਿੰਦਗੀ ਖਤਮ ਕਰਨ ਦਾ ਅਧਿਕਾਰ ਹੈ।