ਪਾਕਿ: ਹੋਲੀ ਖੇਡ ਰਹੀਆਂ ਹਿੰਦੂ ਭੈਣਾਂ ਦਾ ਜ਼ਬਰੀ ਬਦਲਿਆ ਧਰਮ, ਕਰਵਾਇਆ ਵਿਆਹ

03/23/2019 9:57:39 PM

ਇਲਾਮਾਬਾਦ— ਹੋਲੀ ਦੀ ਸ਼ਾਮ ਨੂੰ ਸਿੰਧ ਸੂਬੇ ਦੇ ਘੋਟਕੀ ਜ਼ਿਲੇ 'ਚ ਰਹਿਣ ਵਾਲੀਆਂ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਬਦਲ ਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ। ਇਸ ਘਟਨਾ ਕਾਰਨ ਹਿੰਦੂ ਭਾਈਚਾਰੇ ਨੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦਾ ਘੱਟ ਗਿਣਤੀਆਂ ਪ੍ਰਤੀ ਭਰੋਸਾ ਯਾਦ ਦਿਵਾਇਆ।

ਕਰਾਚੀ ਤੋਂ ਪਾਕਿਸਤਾਨ ਹਿੰਦੂ ਸੇਵਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਸੰਜੇ ਧੰਜਾ ਨੇ ਦੱਸਿਆ ਕਿ ਦੋ ਭੈਣਾਂ 13 ਸਾਲਾ ਦੀ ਰਵੀਨਾ ਤੇ 15 ਸਾਲਾ ਦੀ ਰੀਨਾ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾ ਦਿੱਤਾ ਗਿਆ। ਪਾਕਿਸਤਾਨ ਟਰੱਸਟ ਦੇ ਮੁਖੀ ਨੇ ਦੋਸ਼ ਲਾਇਆ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਸੜਕ 'ਤੇ ਉਤਰਣ ਤੋਂ ਬਾਅਦ ਵੀ ਪੁਲਸ ਨੇ ਸਿਰਫ ਇਕ ਐੱਫ.ਆਈ.ਆਰ. ਦਰਜ ਕੀਤੀ ਹੈ।

ਹਾਲ ਹੀ 'ਚ ਇਮਰਾਨ ਖਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਜਿਵੇਂ ਕਿ ਭਾਰਤ 'ਚ ਹੋ ਰਿਹਾ ਹੈ, ਉਸ ਤੋਂ ਉਲਟ ਨਵਾਂ ਪਾਕਿਸਤਾਨ ਕਵੈਦ ਦਾ (ਜਿੰਨਾਹ) ਪਾਕਿਸਤਾਨ ਹੈ ਤੇ ਅਸੀਂ ਇਹ ਪੁਖਤਾ ਕਰਾਂਗੇ ਕਿ ਸਾਡੇ ਘੱਟ ਗਿਣਤੀਆਂ ਨੂੰ ਸਮਾਨ ਨਾਗਰਿਕ ਮੰਨਿਆ ਜਾਵੇ। ਇਸ ਟਵੀਟ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 13 ਸਾਲ ਦੀ ਇਸਾਈ ਬੱਚੀ ਨੂੰ ਅਗਵਾ ਕਰਕੇ 6 ਫਰਵਰੀ ਨੂੰ ਉਸ ਦਾ ਵਿਆਹ ਕਰਵਾ ਕੇ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ। ਦੋ ਹੋਰ ਹਿੰਦੂ ਲੜਕੀਆਂ ਕੋਮਲ ਤੋ ਸੋਨੀਆ ਨੂੰ ਵੀ ਅਗਵਾ ਕਰਕੇ ਜ਼ਬਰਦਸਤੀ ਧਰਮ ਬਦਲਿਆ ਗਿਆ।

Baljit Singh

This news is Content Editor Baljit Singh