ਹਾਂਗਕਾਂਗ ''ਚ 1 ਲੱਖ ਲੋਕਾਂ ਨੇ ਕੀਤਾ ਪ੍ਰਦਰਸ਼ਨ, ਪੁਲਸ ਨੇ 400 ਪ੍ਰਦਰਸ਼ਨਕਾਰੀ ਕੀਤੇ ਕਾਬੂ

01/02/2020 3:38:33 PM

ਹਾਂਗਕਾਂਗ— ਨਵੇਂ ਸਾਲ 'ਤੇ ਵੀ ਹਾਂਗਕਾਂਗ 'ਚ ਲੋਕਤੰਤਰ ਦੇ ਸਮਰਥਕਾਂ ਵਲੋਂ ਚੀਨੀ ਸਰਕਾਰ ਖਿਲਾਫ ਰੈਲੀ ਕੱਢੀ ਗਈ। ਅੱਜ ਵੀ ਇੱਥੇ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਹਾਂਗਕਾਂਗ ਪੁਲਸ ਨੇ 400 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਮੁਤਾਬਕ ਇਹ ਲੋਕ ਗਲਤ ਤਰੀਕੇ ਨਾਲ ਹਥਿਆਰ ਲੈ ਕੇ ਵਿਰੋਧ ਰੈਲੀ ਕੱਢ ਰਹੇ ਸਨ। ਨਵੇਂ ਸਾਲ ਦੇ ਪਹਿਲੇ ਦਿਨ ਵੀ ਇੱਥੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਰੈਲੀ ਕੱਢੀ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ। ਪ੍ਰਦਰਸ਼ਨਕਾਰੀ 2020 'ਚ ਵੀ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਆਖ ਰਹੇ ਹਨ।

ਪੁਲਸ ਮੁਤਾਬਕ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੱਥਰ ਸੁੱਟੇ ਤੇ ਬੈਂਕਾਂ ਤੇ ਦੁਕਾਨਾਂ ਅੱਗੇ ਅੱਗ ਲਗਾਈ। ਜ਼ਿਕਰਯੋਗ ਹੈ ਕਿ ਜੂਨ 2019 ਤੋਂ ਸ਼ੁਰੂ ਹੋਏ ਪ੍ਰਦਰਸ਼ਨ ਕਾਰਨ ਦੇਸ਼ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਹਾਂਗਕਾਂਗ ਨਾ ਜਾਣ ਦੀ ਐਡਵਾਇਜ਼ਰੀ ਵੀ ਦਿੱਤੀ ਹੈ। ਇਸੇ ਕਾਰਨ ਇੱਥੇ ਸੈਲਾਨੀਆਂ ਦਾ ਆਉਣਾ ਘਟਿਆ ਹੈ ਤੇ ਪਹਿਲੀ ਵਾਰ ਹਾਂਗਕਾਂਗ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਨਵੰਬਰ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਦੇ ਪੱਖ 'ਚ 'ਮਨੁੱਖੀ ਅਧਿਕਾਰ ਅਤੇ ਲੋਕਤੰਤਰ ਬਿੱਲ' 'ਤੇ ਦਸਤਖਤ ਕੀਤੇ ਸਨ। ਇਸੇ ਲਈ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਅਮਰੀਕਾ ਵਲੋਂ ਮਦਦ ਮਿਲਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ। ਇਸ ਬਿੱਲ 'ਚ ਕਿਹਾ ਗਿਆ ਸੀ ਕਿ ਹਾਂਗਕਾਂਗ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਈ ਹਥਿਆਰਾਂ ਦੀ ਵਰਤੋਂ ਨਾ ਕਰੇ ਤੇ ਇਹ ਵੀ ਕਿਹਾ ਗਿਆ ਸੀ ਕਿ ਅਜਿਹਾ ਹੋਣ 'ਤੇ ਅਮਰੀਕਾ ਹਾਂਗਕਾਂਗ ਪੁਲਸ ਨੂੰ ਗੋਲੀਆਂ, ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਹੀਂ ਭੇਜੇਗਾ।