ਇੰਗਲੈਂਡ ''ਚ ''ਹਿੱਟ ਐਂਡ ਰਨ'' ਮਾਮਲੇ ''ਚ ਫਸਿਆ ਭਾਰਤੀ ਮੂਲ ਦਾ ਵਿਅਕਤੀ, ਮਿਲੀ ਸਜ਼ਾ

09/30/2017 10:43:42 AM

ਲੰਡਨ,(ਏਜੰਸੀ)— ਇੰਗਲੈਂਡ ਦੇ ਸ਼ਹਿਰ ਮਾਨਚੈਸਟਰ 'ਚ ਕਾਰ ਸਵਾਰ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਇਕ ਸਾਈਕਲ ਸਵਾਰ ਔਰਤ ਨਾਲ ਟੱਕਰ ਹੋ ਗਈ ਸੀ ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਮਿੰਨਸ਼ੁਲ ਸਟਰੀਟ ਕਰਾਊਨ ਅਦਾਲਤ 'ਚ ਭਾਰਤੀ ਮੂਲ ਅਜੈ ਸਿੰਘ (26) ਨੇ ਮੰਨਿਆ ਕਿ ਉਸ ਦੀ ਲਾਪਰਵਾਹੀ ਨਾਲ ਵਾਪਰੇ ਕਾਰ ਹਾਦਸੇ 'ਚ ਸਾਈਕਲ ਚਾਲਕ ਵਿੱਕੀ ਮਾਇਰਜ਼ (24) ਦੀ ਮੌਤ ਹੋਈ ਸੀ।

 ਉਸ ਨੇ ਬੀਤੀ 27 ਅਗਸਤ ਨੂੰ ਟਿੰਪਰਲੇ, ਗ੍ਰੇਟਰ ਮਾਨਚੈਸਟਰ 'ਚ ਵਾਪਰੇ ਹਾਦਸੇ ਮਗਰੋਂ ਘਟਨਾ ਸਥਾਨ 'ਤੇ ਨਾ ਰੁਕਣ ਅਤੇ ਇਸ ਸੰਬੰਧੀ ਰਿਪੋਰਟ ਨਾ ਕਰਨ ਦੇ ਦੋਸ਼ ਵੀ ਮੰਨ ਲਏ । ਸੁਣਵਾਈ ਮੌਕੇ ਅਜੈ ਸਿੰਘ ਸਿਰ ਝੁਕਾ ਕੇ ਬੈਠਾ ਰਿਹਾ। ਸੁਣਵਾਈ ਦੌਰਾਨ ਪੁਲਸ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਤੋਂ ਕੁਝ ਘੰਟੇ ਬਾਅਦ ਹੀ ਅਜੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਹਾਦਸੇ ਸਮੇਂ ਮਾਇਰਜ਼ ਆਪਣੇ ਪਤੀ ਦੀ ਮਾਂ ਨਾਲ ਸਾਈਕਲ ਚਲਾ ਰਹੀ ਸੀ  ਅਦਾਲਤ ਨੇ ਸਿੰਘ ਨੂੰ ਹਿਰਾਸਤ 'ਚ ਭੇਜ ਦਿੱਤਾ ਹੈ, ਜਿਸ ਦੀ ਸਜ਼ਾ ਦਾ ਫੈਸਲਾ 26 ਅਕਤੂਬਰ ਨੂੰ ਹੋਵੇਗਾ। ਉਸ ਨੂੰ 14 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ ।