ਪਾਕਿ : ਮਸਜਿਦ ਤੋਂ ਪਾਣੀ ਲੈਣ ''ਤੇ ਹਿੰਦੂ ਪਰਿਵਾਰ ਨੂੰ ਕੀਤਾ ਗਿਆ ਪਰੇਸ਼ਾਨ, ਬਣਾਇਆ ਬੰਧਕ

09/20/2021 2:49:39 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮਸਜਿਦ ਤੋਂ ਪੀਣ ਲਈ ਪਾਣੀ ਲੈਣ ਕਾਰਨ ਇਕ ਗਰੀਬ ਹਿੰਦੂ ਕਿਸਾਨ ਪਰਿਵਾਰ ਮੁਸ਼ਕਲ ਵਿਚ ਪੈ ਗਿਆ ਕਿਉਂਕਿ ਕੁਝ ਲੋਕਾਂ ਨੇ ਧਾਰਮਿਕ ਸਥਲ ਦੀ 'ਪਵਿੱਤਰਤਾ ਦੀ ਉਲੰਘਣਾ' ਦੇ ਨਾਮ 'ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਅਤੇ ਬੰਧਕ ਬਣਾ ਲਿਆ। ਮੀਡੀਆ ਨੇ ਸੋਮਵਾਰ ਨੂੰ ਇਹ ਖ਼ਬਰ ਦਿੱਤੀ। 'ਡਾਨ' ਅਖ਼ਬਾਰ ਮੁਤਾਬਕ ਪੰਜਾਬ ਦੇ ਰਹੀਮ ਯਾਰ ਖਾਨ ਸ਼ਹਿਰ ਦੇ ਰਹਿਣ ਵਾਲੇ ਆਲਮ ਰਾਮ ਭੀਲ ਆਪਣੀ ਪਤਨੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਕ ਖੇਤ ਵਿਚ ਕਪਾਹ ਚੁੱਕਣ ਦਾ ਕੰਮ ਕਰ ਰਹੇ ਸਨ। ਭੀਲ ਨੇ ਕਿਹਾ ਕਿ ਜਦੋਂ ਪਰਿਵਾਰ ਇਕ ਟੂਟੀ ਤੋਂ ਪਾਣੀ ਲੈਣ ਲਈ ਨੇੜੇ ਦੀ ਮਸਜਿਦ ਦੇ ਬਾਹਰ ਗਿਆ ਤਾਂ ਕੁਝ ਸਥਾਨਕ ਜਮੀਂਦਾਰਾਂ ਨੇ ਉਹਨਾਂ ਨੂੰ ਕੁੱਟਿਆ। 

ਜਦੋਂ ਪਰਿਵਾਰ ਕਪਾਹ ਦਾ ਕੰਮ ਕਰ ਕੇ ਘਰ ਪਰਤ ਰਿਹਾ ਸੀ ਤਾਂ ਜਮੀਂਦਾਰਾਂ ਨੇ ਉਹਨਾਂ ਨੂੰ ਉਹਨਾਂ ਦੇ ਡੇਰੇ ਵਿਚ ਬੰਧਕ ਬਣਾ ਲਿਆ ਅਤੇ ਮਸਜਿਦ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਦੇ ਨਾਮ 'ਤੇ ਪਰੇਸ਼ਾਨ ਕੀਤਾ। ਭੀਲ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਹਮਲਾਵਰ, ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਇਕ ਸਥਾਨਕ ਸਾਂਸਦ ਨਾਲ ਜੁੜੇ ਹਨ। ਪੁਲਸ ਦੀ ਨਾਕਾਮੀ ਦਾ ਵਿਰੋਧ ਕਰਦਿਆਂ ਭੀਲ ਨੇ ਭਾਈਚਾਰੇ ਦੇ ਮੈਂਬਰ ਪੀਟਰ ਜੌਨ ਭੀਲ ਨਾਲ ਥਾਣੇ ਦਾ ਬਾਹਰ ਧਰਨਾ ਦਿੱਤਾ। ਜ਼ਿਲ੍ਹਾ ਸ਼ਾਂਤੀ ਕਮੇਟੀ ਦੇ ਮੈਂਬਰ ਪੀਟਰ ਨੇ ਕਿਹਾ ਕਿ ਉਹਨਾਂ ਨੇ ਸੱਤਾਧਾਰੀ ਪੀ.ਟੀ.ਆਈ. ਵਿਧਾਇਕ ਜਾਵੇਦ ਵਾਰਿਯਾਚ ਨਾਲ ਸੰਪਰਕ ਕੀਤਾ, ਜਿਹਨਾਂ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰਾਉਣ ਵਿਚ ਉਹਨਾਂ ਦੀ ਮਦਦ ਕੀਤੀ। 

ਪੜ੍ਹੋ ਇਹ ਅਹਿਮ ਖਬਰ -ਵੱਡੀ ਖ਼ਬਰ : ਰੂਸ ਦੀ ਯੂਨੀਵਰਸਿਟੀ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਅਖ਼ਬਾਰ ਮੁਤਾਬਕ ਪੀਟਰ ਨੇ ਜ਼ਿਲ੍ਹਾ ਸ਼ਾਂਤੀ ਕਮੇਟੀ ਦੇ ਹੋਰ ਮੈਂਬਰਾਂ ਤੋਂ ਇਸ ਮੁੱਦੇ 'ਤੇ ਇਕ ਐਮਰਜੈਂਸੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਪਰ ਉਹਨਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੀ.ਟੀ.ਆਈ. ਦੇ ਦੱਖਣੀ ਪੰਜਾਬ ਘੱਟ ਗਿਣਤੀ ਵਿੰਗ ਦੇ ਜਨਰਲ ਸਕੱਤਰ ਯੁਧਿਸ਼ਠਿਰ ਚੌਹਾਨ ਨੇ ਕਿਹਾ ਕਿ ਘਟਨਾ ਉਹਨਾਂ ਦੇ ਨੋਟਿਸ ਵਿਚ ਆਈ ਹੈ ਪਰ ਸੱਤਾਧਾਰੀ ਪਾਰਟੀ ਦੇ ਸਾਂਸਦ ਦੇ ਪ੍ਰਭਾਵ ਕਰਾਨ ਉਹਨਾਂ ਨੇ ਦਖਲ ਅੰਦਾਜ਼ੀ ਨਹੀਂ ਕੀਤੀ। ਜ਼ਿਲ੍ਹਾ ਪੁਲਸ ਅਧਿਕਾਰੀ ਅਸਦ ਸਰਫਰਾਜ਼ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਡਿਪਟੀ ਕਮਿਸ਼ਨਰ ਡਾਕਟਰ ਖੁਰਮ ਸ਼ਹਿਜਾਦ ਨੇ ਕਿਹਾ ਕਿ ਉਹ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਸੋਮਵਾਰ ਨੂੰ ਹਿੰਦੂ ਭਾਈਚਾਰੇ ਦੇ ਬਜ਼ੁਰਗਾਂ ਨਾਲ ਮਿਲਣਗੇ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ : ਫਜ਼ਲੁਰ ਰਹਿਮਾਨ

'ਕਿਰਿਆਹੀਣ' ਸ਼ਾਂਤੀ ਕਮੇਟੀ ਦੇ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਪੂਰੀ ਤਰ੍ਹਾ ਨਾਲ ਕੰਮ ਕਰ ਰਹੀ ਹੈ। ਇਕ ਸੀਨੀਅਰ ਵਕੀਲ ਅਤੇ ਸਾਬਕਾ ਜ਼ਿਲਾ ਬਾਰ ਪ੍ਰਧਾਨ ਫਾਰੂਕ ਰਿੰਦ ਨੇ ਕਿਹਾ ਕਿ ਉਹ ਵੀ ਬਸਤੀ ਕਹੂਰ ਇਲਾਕੇ ਨਾਲ ਸੰਬੰਧ ਰੱਖਦੇ ਹਨ ਜਿੱਥੇ ਭੀਲ ਇਕ ਸਦੀ ਤੋਂ ਰਹਿ ਰਹੇ ਹਨ। ਉਹਨਾਂ ਨੇ ਕਿਹਾ ਕਿ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਖੇਤ ਵਿਚ ਕੰਮ ਕਰਨ ਵਾਲੇ ਅਤੇ ਬਹੁਤ ਗਰੀਬ ਲੋਕ ਹਨ। ਰਿੰਦ ਨੇ ਕਿਹਾ ਕਿ ਦੋਸ਼ੀ ਜਮੀਂਦਾਰ ਛੋਟੇ-ਮੋਟੇ ਮੁੱਦਿਆਂ 'ਤੇ ਹੋਰ ਪਿੰਡ ਵਾਸੀਆਂ ਨਾਲ ਲੜਾਈ ਕਰਨ ਲਈ ਬਦਨਾਮ ਹੈ। ਅਖ਼ਬਾਰ ਵਿਚ ਕਿਹਾ ਗਿਆ ਹੈ ਕਿ ਵਕੀਲ ਨੇ ਸ਼ਿਕਾਇਤ ਕਰਤਾ ਪਰਿਵਾਰ ਨੂੰ ਮੁਫ਼ਤ ਕਾਨੂੰਨੀ ਮਦਦ ਦਾ ਵਾਅਦਾ ਕੀਤਾ।ਗੌਰਤਲਬ ਹੈ ਕਿ ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਪਰਿਵਾਰ ਰਹਿੰਦੇ ਹਨ। ਭਾਈਚਾਰੇ ਮੁਤਾਬਕ ਦੇਸ਼ ਵਿਚ 90 ਲੱਖ ਤੋਂ ਵੱਧ ਹਿੰਦੂ ਰਹਿ ਰਹੇ ਹਨ। 


Vandana

Content Editor

Related News