ਹਿਜਾਬ ਪਹਿਣੇ ਬਾਰਬੀ ਡੌਲ ਦੇ ਲਾਂਚ ਹੁੰਦੇ ਹੀ ਲੋਕਾਂ ''ਚ ਛਿੜੀ ਬਹਿਸ (ਤਸਵੀਰਾਂ)

11/16/2017 1:59:12 PM

ਵਾਸ਼ਿੰਗਟਨ(ਬਿਊਰੋ)—ਬਾਰਬੀ ਡੌਲ ਬਣਾਉਣ ਵਾਲੀ ਕੰਪਨੀ ਨੇ ਇਕ ਨਵੀਂ ਡੌਲ ਨੂੰ ਲਾਂਚ ਕੀਤੀ ਹੈ, ਜਿਸ ਨੇ ਹਿਜਾਬ ਪਾਇਆ ਹੋਇਆ ਹੈ। ਇਸਦਾ ਰੰਗ ਸਾਂਵਲਾ ਹੈ। ਹਿਜਾਬ ਪਹਿਨੇ ਹੋਏ ਇਹ ਬਾਰਬੀ ਡੌਲ ਪਿਛਲੇ ਸਾਲ ਦੇ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਅਮਰੀਕੀ ਮੁਸਲਮਾਨ ਔਰਤ ਇਬਤੀਹਾਜ ਮੁਹੰਮਦ ਤੋਂ ਪ੍ਰੇਰਿਤ ਹੈ। ਉਥੇ ਹੀ ਲੋਕਾਂ ਨੇ ਬਾਰਬੀ ਦੇ ਹਿਜਾਬ ਪਾਉਣ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਔਰਤਾਂ ਦੀ ਮਰਿਆਦਾ ਖਿਲਾਫ ਦੱਸਿਆ ਹੈ।
ਦੱਸਣਯੋਗ ਹੈ ਕਿ ਇਬਤੀਹਾਜ ਮੁਹੰਮਦ 2016 ਵਿਚ ਰੀਓ ਡੀ ਜਨੇਰਿਓ ਵਿਚ ਬਤੌਰ ਐਥਲੀਟ ਕਾਂਸੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਅਜਿਹੀ ਅਮਰੀਕੀ ਐਥਲੀਟ ਹੈ ਜੋ ਹਿਜਾਬ ਪਾ ਕੇ ਓਲੰਪਿਕ ਵਿਚ ਸ਼ਾਮਿਲ ਹੋਈ ਸੀ। ਇਬਤੀਹਾਜ ਮੁਹੰਮਦ ਨੇ ਨਿਊਯਾਰਕ ਵਿਚ ਗਲੈਮਰ ਆਫ ਦ ਯੀਅਰ ਅਵਾਰਡ ਤੋਂ ਬਾਅਦ ਇਸ ਡੌਲ ਉੱਤੋਂ ਪਰਦਾ ਚੁੱਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਛੋਟੀ ਕੁੜੀ, ਇਕ ਬਾਰਬੀ ਜਿਸ ਨੇ ਹਿਜਾਬ ਪਾਇਆ ਹੋਇਆ ਹੈ, ਉਸ ਨਾਲ ਖੇਡ ਸਕਣਗੀਆਂ। ਇਹ ਉਨ੍ਹਾਂ ਦੇ ਬਚਪਨ ਦੇ ਸੁਪਨੇ ਦੇ ਸੱਚ ਹੋਣ ਵਰਗਾ ਹੈ।


ਛੇਤੀ ਹੀ ਆਨਲਾਈਨ ਮਿਲੇਗੀ ਬਾਰਬੀ
ਡੌਲ ਬਣਾਉਣ ਵਾਲੀ ਕੰਪਨੀ ਮੈਟਲ ਨੇ ਕਿਹਾ ਕਿ ਇਹ ਡੌਲ ਅਗਲੇ ਪਤਝੜ ਰੁੱਤ ਤੱਕ ਆਨਲਾਈਨ ਮਿਲਣ ਲੱਗੇਗੀ। ਨਾਲ ਹੀ ਕਿਹਾ ਕਿ ਹੁਣ ਉਹ ਦੁਨੀਆ ਭਰ ਵਿਚ ਪ੍ਰੇਰਨਾ ਦੇਣ ਵਾਲੀਆਂ ਔਰਤਾਂ ਨੂੰ ਮਾਡਲ ਬਣਾ ਕੇ ਬਾਰਬੀ ਡੌਲ ਦੀ ਨਵੀਂ ਰੇਂਜ ਲਾਂਚ ਕਰੇਗੀ।
ਲੋਕਾਂ ਨੇ ਕੀਤਾ ਵਿਰੋਧ
ਲੋਕਾਂ ਨੇ ਬਾਰਬੀ ਨੂੰ ਹਿਜਾਬ ਪੁਆਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਇਹ ਠੀਕ ਨਹੀਂ ਹੈ। ਇਹ ਔਰਤਾਂ ਦਾ ਸ਼ੋਸ਼ਣ ਹੈ। ਉਨ੍ਹਾਂ ਦੀ ਬੇਇੱਜ਼ਤੀ ਹੈ। ਇੱਕ ਦੂਜੇ ਯੂਜ਼ਰ ਨੇ ਕਿਹਾ, 'ਬਕਵਾਸ ਹੈ ਅਗਲੀ ਵਾਰ ਬਾਰਬੀ ਨੂੰ ਬੁਰਕਾ ਹੀ ਪੁਆ ਦਿਓ। ਦੱਸਣਯੋਗ ਹੈ ਕਿ ਓਲੰਪਿਕ ਦੌਰਾਨ ਮੁਹੰਮਦ ਨੇ ਅਮਰੀਕਾ ਨੂੰ ਮੁਸਲਮਾਨਾਂ ਲਈ ਇਕ ਖਤਰਨਾਕ ਜਗ੍ਹਾ ਦੇ ਰੂਪ ਵਿਚ ਦੱਸਦੇ ਹੋਏ ਆਲੋਚਨਾ ਕੀਤੀ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਇਕ ਮੁਸਲਮਾਨ ਦੀ ਤਰ੍ਹਾਂ ਰਹਿਣਾ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ।