ਪਾਕਿ ''ਚ ਵਿਸ਼ੇਸ਼ ਜਹਾਜ਼ ਤੋਂ ਆਉਣ ਵਾਲੇ ਯਾਤਰੀਆਂ ਤੋਂ ਵਸੂਲਿਆ ਜਾ ਰਿਹੈ ਵਧੇਰੇ ਕਿਰਾਇਆ

04/21/2020 1:44:48 PM

ਰਾਵਲਪਿੰਡੀ- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਆਪਣੀਆਂ ਵਿਸ਼ੇਸ਼ ਉਡਾਣਾਂ ਲਈ ਯਾਤਰੀਆਂ ਤੋਂ ਵਧੇਰੇ ਚਾਰਜ ਵਸੂਲ ਰਿਹਾ ਸੀ, ਕਈ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇਸ ਵਿਚ ਸੁਧਾਰ ਕਰਨ ਲਈ ਸਰਕਾਰ ਸਫਾਈ ਦੇ ਰਹੀ ਹੈ। ਪੀ.ਆਈ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਭਰੋਸਾ ਦਿਵਾਇਆ ਹੈ ਕਿ ਉਹ ਇਹਨਾਂ ਉਡਾਣਾਂ ਨਾਲ ਜੁੜੀਆਂ ਉੱਚ ਸੰਚਾਲਨ ਲਾਗਤਾਂ ਦੇ ਆਧਾਰ 'ਤੇ ਵਧੇਰੇ ਕਿਰਾਇਆ ਵਸੂਲੇ ਜਾਣ ਦੇ ਦਾਅਵੇ 'ਤੇ ਧਿਆਨ ਦੇਣਗੇ। ਜੇਕਰ ਕਿਰਾਇਆ ਵਧੇਰੇ ਹੋਇਆ ਤਾਂ ਉਸ 'ਤੇ ਧਿਆਨ ਦਿੱਤਾ ਜਾਵੇਗਾ। ਪਾਕਿਸਤਾਨ ਦੀ ਡਾਨ ਵੈੱਬਸਾਈਟ ਵਿਚ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਥੋਂ ਦੇ ਜਹਾਜ਼ ਉੱਚ ਕਿਰਾਇਆਂ ਦੀ ਸ਼ਿਕਾਇਤ ਦਾ ਸਾਹਮਣਾ ਕਰ ਰਹੇ ਹਨ ਤੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਸੋਮਵਾਰ ਨੂੰ ਇਸਲਾਮਾਬਾਦ ਵਿਚ ਇਕ ਬੈਠਕ ਵਿਚ ਸੀਈਓ ਸਾਹਮਣੇ ਇਹ ਮਾਮਲਾ ਚੁੱਕਿਆ। ਹਵਾਬਾਜ਼ੀ ਮੰਤਰੀ ਨੇ ਕਿਰਾਏ ਦੇ ਬਾਰੇ ਵਿਚ ਪੁੱਛਗਿੱਛ ਕੀਤੀ ਸੀ। ਇਸ ਦੇ ਜਵਾਬ ਵਿਚ ਸੀਈਓ ਨੇ ਦੱਸਿਆ ਕਿ ਕਿਉਂਕਿ ਸਰਕਾਰ ਵਲੋਂ ਸੀਲਿੰਗ ਪੁਟ ਦੇ ਕਾਰਣ ਸੀਮਿਤ ਸੰਖਿਆ ਵਿਚ ਯਾਤਰੀਆਂ ਦੇ ਨਾਲ ਉਡਾਣ ਭਰੀ ਗਈ ਸੀ, ਅਜਿਹੀਆਂ ਉਡਾਣਾਂ ਨੂੰ ਆਰਥਿਕ ਰੂਪ ਨਾਲ ਮੁਮਕਿਨ ਬਣਾਉਣ ਲਈ ਥੋੜਾ ਵਧੇਰੇ ਕਿਰਾਇਆ ਵਸੂਲਿਆ ਜਾ ਰਿਹਾ ਸੀ।

ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਸੀ.ਈ.ਓ. ਹਾਲ ਦੀਆਂ ਸ਼ਿਕਾਇਤਾਂ ਨਾਲ ਵੀ ਚਿੰਤਤ ਸਨ। ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੋੜ ਦੇ ਸਮੇਂ ਪਾਕਿਸਤਾਨੀਆਂ ਨੂੰ ਲਾਭ ਦੇਣ ਲਈ ਕਿਰਾਏ ਵਿਚ ਸੋਧ 'ਤੇ ਵਿਚਾਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸਲਾਮਾਬਾਦ ਵਿਚ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਤੇ ਪੀ.ਆਈ.ਏ. ਤੇ ਸੀ.ਈ.ਓ. ਏਅਰ ਮਾਰਸ਼ਲ ਅਰਸ਼ਦ ਮਲਿਕ ਦੇ ਵਿਚਾਲੇ ਫਸੇ ਹੋਏ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਤੇ ਇਸ ਦੇਸ਼ ਵਿਚ ਫਸੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਲਈ ਵਿਸ਼ੇਸ਼ ਮੁਹਿੰਮਾਂ ਦੀ ਸਮੀਖਿਆ ਕਰਨ ਦੀ ਇਹ ਬੈਠਕ ਹੋਈ ਸੀ।

Baljit Singh

This news is Content Editor Baljit Singh