12 ਮਹੀਨਿਆਂ ਦੇ ਬੱਚੇ ਵੀ ਹਰ ਰੋਜ਼ ਮੋਬਾਇਲ ਨਾਲ ਗੁਜ਼ਾਰ ਰਹੇ ਹਨ 53 ਮਿੰਟ

11/30/2019 8:42:30 PM

ਵਾਸ਼ਿੰਗਟਨ (ਏਜੰਸੀ)- ਅੱਜ ਦੇ ਸਮੇਂ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਹੱਥਾਂ ਵਿਚ ਮੋਬਾਇਲ ਦਿਸਣਾ ਆਮ ਗੱਲ ਹੈ। ਹਰ ਕੋਈ ਮੋਬਾਇਲ ਦੀ ਵੱਧ ਤੋਂ ਵੱਧ ਵਰਤੋਂ ਕਰ ਰਿਹਾ ਹੈ। ਖਾਸ ਤੌਰ 'ਤੇ ਬੱਚੇ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਮੋਬਾਇਲ ਤੇ ਟੀ. ਵੀ. ਨੂੰ ਦੇਖ ਰਹੇ ਹਨ। ਅਜਿਹਾ ਕਰਨਾ ਮਾਨਸਿਕ ਅਤੇ ਸਰੀਰਕ ਸਿਹਤ ਲਈ ਖਤਰਨਾਕ ਹੈ। ਪਿੱਛੇ ਜਿਹੇ ਇਕ ਖੋਜ ਵਿਚ ਮੋਬਾਇਲ ਤੇ ਟੀ. ਵੀ. ਨਾਲ ਬੱਚਿਆਂ ਵਲੋਂ ਗੁਜ਼ਾਰੇ ਜਾ ਰਹੇ ਸਮਿਆਂ ਬਾਰੇ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ।

ਖੋਜ ਮੁਤਾਬਕ ਦੁਨੀਆ ਦੇ 87 ਫੀਸਦੀ ਬੱਚੇ ਮੋਬਾਇਲ 'ਤੇ ਨਿਰਧਾਰਤ ਸਮੇਂ ਤੋਂ ਬਹੁਤ ਜ਼ਿਆਦਾ ਸਮਾਂ ਗੁਜ਼ਾਰ ਰਹੇ ਹਨ। ਇਹ ਜਾਣ ਕੇ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਕਿ 12 ਮਹੀਨਿਆਂ ਤਕ ਦੇ ਬੱਚੇ ਵੀ ਮੋਬਾਇਲ ਜਾਂ ਟੀ. ਵੀ. ਨਾਲ ਰੋਜ਼ਾਨਾ 53 ਮਿੰਟ ਗੁਜ਼ਾਰ ਰਹੇ ਹਨ। ਅਮਰੀਕੀ ਡਾਕਟਰੀ ਸੰਸਥਾ ਦੇ ਹਫਤਾਵਾਰੀ ਰਸਾਲੇ ਜੇ.ਏ.ਐੱਮ.ਏ. ਪੀਡੀਐਟ੍ਰਿਕਸ ਵਿਚ ਪ੍ਰਕਾਸ਼ਿਤ ਹੋਈ ਖੋਜ ਵਿਚ ਦੱਸਿਆ ਗਿਆ ਹੈ ਕਿ ਉਮਰ ਵਧਣ ਦੇ ਨਾਲ-ਨਾਲ 3 ਸਾਲ ਦੀ ਉਮਰ ਤਕ ਪਹੁੰਚਣ ਦੇ ਨਾਲ ਇਹ ਸਮਾਂ ਵਧ ਕੇ 150 ਮਿੰਟ ਰੋਜ਼ਾਨਾ ਹੋ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਵਲੋਂ ਦਿੱਤੀਆਂ ਨਿਰਦੇਸ਼ਕ ਲੀਹਾਂ ਅਨੁਸਾਰ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿਨ ਵਿਚ ਟੀ. ਵੀ. ਜਾਂ ਮੋਬਾਇਲ 'ਤੇ ਬਿਲਕੁਲ ਕੋਈ ਸਮਾਂ ਨਹੀਂ ਗੁਜ਼ਾਰਨਾ ਚਾਹੀਦਾ ਹੈ ਅਤੇ 5 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚਿਆਂ ਨੂੰ ਰੋਜ਼ਾਨਾ ਇਕ ਘੰਟਾ ਸਮਾਂ ਇਨ੍ਹਾਂ 'ਤੇ ਨਹੀਂ ਲਾਉਣਾ ਚਾਹੀਦਾ। ਜੇਕਰ ਉਹ ਅਜਿਹਾ ਕਰਨਗੇ ਤਾਂ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਨਾਂਹ-ਪੱਖੀ ਅਸਰ ਹੋਵਗਾ।

ਅਮਰੀਕੀ ਅਕੈਡਮੀ ਆਫ ਪੀਡੀਐਟ੍ਰਿਕਸ ਵਲੋਂ ਜਾਰੀ ਕੀਤੀਆਂ ਗਈਆਂ ਨਿਰਦੇਸ਼ਕ ਲੀਹਾਂ ਵਿਚ ਜ਼ੋਰ ਦਿੱਤਾ ਗਿਆ ਹੈ ਕਿ 18 ਮਹੀਨਿਆਂ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਇਸ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਚਾਹੀਦਾ। 18 ਤੋਂ 24 ਮਹੀਨਿਆਂ ਦੇ ਬੱਚੇ ਕੁਝ ਸਮਾਂ ਇਨ੍ਹਾਂ 'ਤੇ ਲਾ ਸਕਦੇ ਹਨ। 2 ਤੋਂ 5 ਸਾਲ ਦੇ ਬੱਚਿਆਂ ਨੂੰ ਰੋਜ਼ਾਨਾ ਇਕ ਘੰਟਾ ਇਨ੍ਹਾਂ ਦੀ ਵਰਤੋਂ ਕਰਨ ਦੀ ਛੋਟ ਦਿੱਤੀ ਜਾ ਸਕਦੀ ਹੈ। ਖੋਜ ਵਿਚ ਕਿਹਾ ਗਿਆ ਹੈ ਕਿ 87 ਫੀਸਦੀ ਤੋਂ ਵੱਧ ਬੱਚੇ ਇਸ ਤੋਂ ਕਿਤੇ ਵਧ ਸਮਾਂ ਟੀ. ਵੀ. ਜਾਂ ਮੋਬਾਇਲਾਂ 'ਤੇ ਲਾ ਰਹੇ ਹਨ। 7 ਤੋਂ 8 ਸਾਲ ਤਕ ਦੀ ਉਮਰ ਤੋਂ ਵੱਧ ਕੇ ਇਹ ਡੇਢ ਘੰਟਾ ਰੋਜ਼ਾਨਾ ਹੋ ਜਾਂਦਾ ਹੈ। ਖੋਜਕਾਰਾਂ ਨੇ ਇਹ ਵੀ ਦੇਖਿਆ ਹੈ ਕਿ ਇਸ ਉਮਰ ਦੇ ਬੱਚੇ ਇਨ੍ਹਾਂ ਦੀ ਵਰਤੋਂ ਆਪਣੀ ਪੜ੍ਹਾਈ ਨਾਲ ਜੁੜੀਆਂ ਗੱਲਾਂ ਅਤੇ ਸਕੂਲੀ ਸਰਗਰਮੀਆਂ ਲਈ ਕਰਦੇ ਹਨ।

Baljit Singh

This news is Content Editor Baljit Singh