'ਹੀਰੋ' ਹੈਲੀਕਾਪਟਰ ਪਾਇਲਟ ਨੇ ਆਪਣੀ ਜਾਨ 'ਤੇ ਖੇਡ ਕੇ ਬਚਾਈਆਂ ਕਈ ਜਾਨਾਂ

04/18/2018 3:22:31 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਬੀਤੇ ਹਫਤੇ ਜੰਗਲੀ ਝਾੜੀਆਂ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਅੱਗ ਬੇਕਾਬੂ ਹੋ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਾਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਗਈ। ਸਿਡਨੀ ਦੇ ਕੋਸੀਸ਼ੀਜ਼ਕੋ ਨੈਸ਼ਨਲ ਪਾਰਕ 'ਚ ਅਣਗਿਣਤ ਘਰਾਂ 'ਚ ਰਹਿੰਦੇ ਲੋਕਾਂ ਦੀ ਰੱਖਿਆ ਕਰਨ ਲਈ ਭੇਜਿਆ ਗਿਆ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹੈਲੀਕਾਪਟਰ 'ਚ ਫਿਲ ਓ ਡਿਸਕੋਲ ਨਾਂ ਦਾ 45 ਸਾਲਾ ਪਾਇਲਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹੈਲੀਕਾਪਟਰ ਕੱਲ ਭਾਵ ਮੰਗਲਵਾਰ ਦੀ ਦੁਪਹਿਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ। ਜੰਗਲੀ ਝਾੜੀਆਂ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਹੈਲੀਕਾਪਟਰ ਜ਼ਰੀਏ ਪਾਣੀ ਦੀਆਂ ਬੌਛਾਰਾਂ ਕੀਤੀਆਂ ਜਾ ਰਹੀਆਂ ਸਨ। ਪਾਇਲਟ ਨੇ ਆਪਣੀ ਜਾਨ 'ਤੇ ਖੇਡ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ। 
ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਪਾਇਲਟ ਨੂੰ ਕੈਨਬਰਾ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਸ ਦਾ ਸਿਰ ਅਤੇ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ 2005 'ਚ ਕੈਨੇਡਾ ਵਿਚ ਭਿਆਨਕ ਅੱਗ ਲੱਗ ਗਈ, ਜਿਸ 'ਚ ਫਿਲ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਸੀ। ਓਧਰ ਨਾਗਰਿਕ ਹਵਾਬਾਜ਼ੀ ਸੁਰੱਖਿਆ ਅਥਾਰਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੈਲੀਕਾਪਟਰ ਉਸ ਥਾਂ 'ਤੇ ਗਿਆ ਸੀ, ਜਿੱਥੇ ਬਹੁਤ ਵੱਡੀ ਮਾਤਰਾ 'ਚ ਅੱਗ ਲੱਗੀ ਹੋਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ ਲੱਗੀ ਅਤੇ ਸਿਡਨੀ ਦੇ ਤਕਰੀਬਨ 3330 ਹੈਕਟੇਅਰ ਜ਼ਮੀਨ 'ਤੇ ਫੈਲ ਗਈ।