ਸਿਰਫ 90 ਮਿੰਟ ''ਚ ਨਿਊਯਾਰਕ ਤੋਂ ਲੰਡਨ ਤੱਕ ਦਾ ਸਫਰ ਤੈਅ ਕਰੇਗਾ ਇਹ ਹਾਈਪਰਸੋਨਿਕ ਜੈੱਟ

05/25/2019 11:33:37 PM

ਵਾਸ਼ਿੰਗਟਨ— ਅਮਰੀਕਾ ਦੀ ਇਕ ਏਅਰੋਸਪੇਸ ਕੰਪਨੀ ਨੇ ਅਜਿਹਾ ਜਹਾਜ਼ ਬਣਾਉਣ ਦੀ ਤਿਆਰੀ ਕੀਤੀ ਹੈ ਜੋ ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਤੇਜ਼ ਰਫਤਾਰ ਨਾਲ ਉਡੇਗਾ। ਇਸ ਨਾਲ ਨਿਊਯਾਰਕ ਤੋਂ ਲੰਡਨ ਦੇ ਵਿਚਾਲੇ ਦੀ ਦੂਰੀ 90 ਮਿੰਟ ਤੋਂ ਵੀ ਘੱਟ ਸਮੇਂ 'ਚ ਤੈਅ ਕੀਤੀ ਜਾ ਸਕੇਗੀ।

ਅਟਲਾਂਟਾ ਦੀ ਏਅਰੋਸਪੇਸ ਕੰਪਨੀ ਹਰਮੀਅਸ ਕਾਰਪੋਰੇਸ਼ਨ ਨੇ ਕਿਹਾ ਕਿ ਕੰਪਨੀ ਨੂੰ ਸੰਸਥਾਪਕਾਂ ਤੇ ਨਿੱਜੀ ਨਿਵੇਸ਼ਕਾਂ ਤੋਂ ਰਾਸ਼ੀ ਮਿਲ ਗਈ ਹੈ। ਕੰਪਨੀ ਅਜਿਹਾ ਜਹਾਜ਼ ਤਿਆਰ ਕਰ ਰਹੀ ਹੈ ਜੋ ਆਵਾਜ਼ ਦੀ ਗਤੀ ਤੋਂ ਪੰਜ ਗੁਣਾ ਤੇਜ਼ ਹੋਵੇਗਾ। ਜੇਕਰ ਕੰਪਨੀ ਦਾ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਇਹ ਕਮਰਸ਼ੀਅਲ ਟ੍ਰਾਂਸਅਟਲਾਂਟਿਕ ਉਡਾਣਾਂ 'ਚ ਕਾਂਤੀਕਾਰੀ ਪਰਿਵਰਤਨ ਹੋਵੇਗਾ। ਵਰਤਮਾਨ ਸਮੇਂ 'ਚ ਨਿਊਯਾਰਕ ਤੋਂ ਲੰਡਨ ਜਾਣ 'ਚ 7 ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਦਾ ਹੈ। 

ਹਰਮੀਅਸ ਦੇ ਸਹਿ-ਸੰਸਥਾਪਕ ਤੇ ਸੀਈਓ ਏਜੇ ਪਿਪਲਿਕਾ ਨੇ ਕੰਪਨੀ ਦੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਅਸੀਂ ਵਿਸ਼ਵ ਪਰਿਵਾਹਨ ਢਾਂਚੇ 'ਚ ਕ੍ਰਾਂਤੀ ਲਿਆਉਣ ਦੀ ਯਾਤਰਾ ਸ਼ੁਰੂ ਕੀਤੀ ਹੈ। ਅਸੀਂ ਲੰਬੀ ਦੂਰੀ ਦੇ ਲਈ ਯਾਤਰਾ ਦੀ ਰਫਤਾਰ ਵਧਾ ਕੇ ਅਜਿਹਾ ਕਰਾਂਗੇ। ਹਰਮੀਅਸ ਦੇ ਚਾਰੇ ਸੰਸਥਾਪਕ ਇਕੱਠੇ ਜਨਰੇਸ਼ਨ ਆਰਬਿਟ 'ਚ ਕੰਮ ਕਰਦੇ ਸਨ, ਜਿਥੇ ਉਨ੍ਹਾਂ ਨੇ ਅਮਰੀਕੀ ਨੇਵੀ ਦੇ ਐਡਵਾਂਸ ਐਕਸ-ਪਲੇਨ ਤੇ ਇਕ ਹਾਈਪਰਸੋਨਿਕ ਰਾਕੇਟ ਪਲੇਨ ਦੇ ਵਿਕਾਸ 'ਤੇ ਕੰਮ ਕੀਤਾ।

ਲੰਡਨ ਦੀ ਇੰਪੀਰੀਅਲ ਕਾਲਜ 'ਚ ਏਅਰੋਸਪੇਸ ਵਿਭਾਗ ਦੇ ਸੀਨੀਅਰ ਬੁਲਾਰੇ ਪਾਲ ਬਰੂਸ ਕਹਿੰਦੇ ਹਨ ਕਿ ਹਾਈਪਰਸੋਨਿਕ ਲਈ ਸਭ ਤੋਂ ਵੱਡੀ ਚੁਣੌਤੀ ਹੈ ਪ੍ਰੋਪਲਸ਼ਨ। ਉਨ੍ਹਾਂ ਕਿਹਾ ਕਿ ਅਸੀਂ ਕੁਝ ਛੋਟੇ ਵਾਹਨਾਂ ਨੂੰ ਸਕ੍ਰੈਮਜੈੱਟ ਦੀ ਵਰਤੋਂ ਨਾਲ ਹਾਈਪਰਸੋਨਿਕ ਦੀ ਰਫਤਾਰ ਨਾਲ ਉਡਾਇਆ। ਇਹ ਬਹੁਤ ਪ੍ਰਯੋਗਾਤਮਕ ਹੈ ਤੇ ਯਾਤਰੀ ਜਹਾਜ਼ 'ਤੇ ਇਨ੍ਹਾਂ ਨੂੰ ਦੇਖਣ ਤੋਂ ਪਹਿਲਾਂ ਸਾਨੂੰ ਇਕ ਲੰਬਾ ਰਸਤਾ ਤੈਅ ਕਰਨਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਲਗਾਤਾਰ ਅਜਿਹੀਆਂ ਉਡਾਣਾਂ 'ਚ ਹੋਰ ਵੀ ਕਈ ਦਿੱਕਤਾਂ ਹਨ ਪਰ ਅਜਿਹਾ ਕਰਨ ਲਈ ਸਾਡੇ ਕੋਲ ਇੰਜੀਨੀਅਰਿੰਗ ਸਮਰਥਾਵਾਂ ਹਨ। ਸਭ ਤੋਂ ਵੱਡਾ ਮੁੱਦਾ ਵਿੱਤੀ ਤੇ ਵਾਤਾਵਰਣ ਦਾ ਹੈ, ਇੰਨੀ ਤੇਜ਼ੀ ਨਾਲ ਉਡਣ ਕਾਰਨ ਬਹੁਤ ਜ਼ਿਆਦਾ ਮਾਤਰਾ 'ਚ ਈਂਧਨ ਖਰਦ ਹੋਵੇਗਾ ਤੇ ਇਹ ਆਮ ਉਡਾਣਾਂ ਤੋਂ ਜ਼ਿਆਦਾ ਖਰਚੀਲਾ ਹੋਵੇਗਾ। ਪਰ ਜੇਕਰ ਇਸ ਦੇ ਲਈ ਬਾਜ਼ਾਰ ਹੈ ਤਾਂ ਮੈਨੂੰ ਸ਼ੱਕ ਨਹੀਂ ਕਿ ਅਸੀਂ ਇਸ ਤਰ੍ਹਾਂ ਦਾ ਇੰਜਣ ਬਣਾ ਸਕਦੇ ਹਾਂ।

ਪਿਪਲਿਕਾ ਨੇ ਕਿਹਾ ਕਿ ਇਸ ਤਕਨੀਕ ਦੇ ਵਿਕਸਿਤ ਹੋਣ ਨਾਲ ਨਿਊਯਾਰਕ ਤੋਂ ਲੰਡਨ ਜਾਣ 'ਚ ਕਰੀਬ 3 ਹਜ਼ਾਰ ਡਾਲਰ (ਤਕਰੀਬਨ 2,08,141 ਰੁਪਏ) ਜਾ ਖਰਚ ਆਵੇਗਾ। ਦੱਸ ਦਈਏ ਕਿ ਹਰਮੀਅਸ ਕਾਰਪੋਰੇਸ਼ਨ ਹਾਈਪਰਸੋਨਿਕ ਯਾਤਰਾ 'ਚ ਸ਼ੁਰੂਆਤ ਕਰਨ ਵਾਲੀ ਪਹਿਲੀ ਕੰਪਨੀ ਨਹੀਂ ਹੈ। ਜੂਨ 2018 'ਚ ਬੋਇੰਗ ਨੇ ਹਾਈਪਰਸੋਨਿਕ ਯਾਤਰੀ ਜਹਾਜ਼ ਦਾ ਪਲਾਨ ਸਾਹਮਣੇ ਰੱਖਿਆ ਸੀ। ਲਾਕਹੀਟ ਮਾਰਟਿਨ ਤੇ ਏਰਿਅਨ ਕਾਰਪੋਰੇਸ਼ਨ ਵੀ ਹਾਈਪਰਸੋਨਿਕ ਜਹਾਜ਼ ਬਣਾਉਣ ਲਈ ਕੰਮ ਕਰ ਰਹੀਆਂ ਹਨ।

Baljit Singh

This news is Content Editor Baljit Singh