ਜਾਪਾਨ ''ਚ ਭਾਰੀ ਬਰਫਬਾਰੀ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ

01/12/2021 3:54:09 PM

ਟੋਕੀਓ- ਜਾਪਾਨ ਵਿਚ ਕੁਝ ਦਿਨਾਂ ਤੋਂ ਭਾਰੀ ਬਰਫਬਾਰੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹੁਣ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਜਦਕਿ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 

ਇੱਥੋਂ ਦੇ ਨਿੱਜੀ ਚੈਨਲ ਨੇ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਪਾਨ ਦੇ ਉੱਤਰੀ ਤੇ ਪੱਛਮੀ ਖੇਤਰਾਂ ਵਿਚ ਬਰਫਬਾਰੀ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਕਾਰਨ ਰੇਲ ਤੇ ਹਵਾਈ ਸੇਵਾਵਾਂ ਨੂੰ ਬੰਦ ਕਰਨਾ ਪਿਆ। ਇੱਥੇ ਭਾਰੀ ਬਰਫਬਾਰੀ ਕਾਰਨ ਲੋਕਾਂ ਦੇ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜ਼ਰੂਰੀ ਸਮਾਨ ਖਰੀਦਣ ਲਈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। 

ਦੋ ਦਿਨ ਪਹਿਲਾਂ ਭਾਰੀ ਬਰਫਬਾਰੀ ਕਾਰਨ ਹਾਈਵੇਅ 'ਤੇ 200 ਤੋਂ ਵੱਧ ਵਾਹਨ ਫਸ ਗਏ ਸਨ। ਫੁਜਵਾਰਾ ਵਿਚ ਤਾਂ ਦੋ ਮੀਟਰ ਉੱਚੀ ਬਰਫ ਡਿੱਗੀ ਹੈ। ਇਸ ਕਾਰਨ ਲਗਭਗ 10 ਹਜ਼ਾਰ ਘਰਾਂ ਦੀ ਬੱਤੀ ਵੀ ਗੁੱਲ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕਾਂ ਦੇ ਵਾਹਨ ਸੜਕਾਂ 'ਤੇ ਫਸ ਗਏ ਸਨ ਤੇ ਉਨ੍ਹਾਂ ਨੂੰ ਕੱਢਣ ਵਿਚ ਕਾਫੀ ਸਮਾਂ ਲੱਗ ਗਿਆ। ਇਸ ਲਈ ਲੋਕਾਂ ਨੂੰ ਭੋਜਨ ਤੇ ਕੰਬਲ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਗਈ। 

Lalita Mam

This news is Content Editor Lalita Mam